ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਨਿਹੰਗਾਂ ਵੱਲੋਂ ਬੰਦੀ ਬਣਾ ਕੇ ਕੀਤੀ ਕੁੱਟਮਾਰ ਮਗਰੋਂ ਪਰਵਾਸੀ ਦੀ ਮੌਤ

ਮੀਆਂਪੁਰ ਚੰਗਰ ਦੇ ਡੇਰੇ ਵਿੱਚ ਵਾਪਰੀ ਘਟਨਾ; ਮਾਜਰੀ ਪੁਲੀਸ ਵੱਲੋਂ ਦੋਵੇਂ ਮੁਲਜ਼ਮ ਨਿਹੰਗ ਗ੍ਰਿਫ਼ਤਾਰ
ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਨ ਲਈ ਲਿਜਾਂਦੀ ਹੋਈ ਪੁਲੀਸ ਪਾਰਟੀ।
Advertisement

ਮਿਹਰ ਸਿੰਘ

ਪਿੰਡ ਮੀਆਂਪੁਰ ਚੰਗਰ ਦੇ ਇੱਕ ਡੇਰੇ ਵਿੱਚ ਰਹਿੰਦੇ ਨਿਹੰਗਾਂ ਨੇ ਇੱਕ ਪਰਵਾਸੀ ਨੂੰ ਬੰਦੀ ਬਣਾ ਕੇ ਉਸਦੀ ਕੁੱਟਮਾਰ ਕੀਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲੀਸ ਨੇ ਦੋਵਾਂ ਨਿਹੰਗਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ’ਤੇ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਕਪਤਾਨ ਮੁੱਲਾਂਪੁਰ ਗਰੀਬਦਾਸ ਮੋਹਿਤ ਅਗਰਵਾਲ ਨੇ ਦੱਸਿਆ ਕਿ ਪ੍ਰਿਅੰਕਾ ਨਾਂ ਦੀ ਮਹਿਲਾ ਨੇ ਮਾਜਰੀ ਪੁਲੀਸ ਨੂੰ ਆਪਣੇ ਪਤੀ ਸ਼ੈਂਕੀ ਦੀ ਮੌਤ ਸਬੰਧੀ ਸੂਚਨਾ ਦਿੱਤੀ ਸੀ। ਪੁਲੀਸ ਅਨੁਸਾਰ ਸ਼ੈਂਕੀ ਪੁੱਤਰ ਗੁਰਮੇਲ ਵਾਸੀ ਭੱਠਾ ਮੀਆਂਪੁਰ ਚੰਗਰ ਮੂਲ ਨਿਵਾਸੀ ਨਿਰਮਾਣੀ-ਨਿਰਮਾਣਾ, ਜ਼ਿਲ੍ਹਾ ਮੁਜ਼ਫਰਨਗਰ ਉੱਤਰ ਪ੍ਰਦੇਸ਼ ਦੀ ਪਤਨੀ ਪ੍ਰਿਯੰਕਾ ਨੇ ਦੱਸਿਆ ਕਿ ਉਸਦਾ ਪਤੀ 20 ਜੁਲਾਈ ਦੀ ਰਾਤ ਕਰੀਬ 8 ਵਜੇ ਘਰ ਤੋਂ ਮੀਆਂਪੁਰ ਚੰਗਰ ਤੋਂ ਕੁਝ ਸਾਮਾਨ ਲੈਣ ਲਈ ਗਿਆ ਸੀ ਪਰ ਘਰ ਨਹੀਂ ਪਰਤਿਆ। ਉਸਨੇ ਆਪਣੇ ਪਤੀ ਦੀ ਭਾਲ ਸ਼ੁਰੂ ਕੀਤੀ ਪਰ ਉਸ ਦਾ ਕੋਈ ਥਹੁ ਪਤਾ ਨਹੀਂ ਚਲਿਆ।

Advertisement

ਸਵੇਰੇ ਉਸ ਨੂੰ ਪਤਾ ਲੱਗਿਆ ਕਿ ਸ਼ੈਂਕੀ ਬਾਬਾ ਸ਼ੇਰ ਸਿੰਘ ਦੀ ਸਮਾਧ ਨਾਮੀਂ ਡੇਰੇ ਵਿੱਚ ਹੈ। ਪ੍ਰਿਯੰਕਾ ਨੇ ਦੱਸਿਆ ਕਿ ਜਦੋਂ ਉਹ ਡੇਰੇ ਵਿੱਚ ਪੁੱਜੀ ਤਾਂ ਸ਼ੈਂਕੀ ਜ਼ਖ਼ਮੀ ਹਾਲਤ ਵਿੱਚ ਸੀ ਅਤੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੋਈ ਸੀ। ਪੁਲੀਸ ਅਧਿਕਾਰੀ ਅਨੁਸਾਰ ਪ੍ਰਿਯੰਕਾ ਨੇ ਆਪਣੇ ਜ਼ਖ਼ਮੀ ਪਤੀ ਨੂੰ ਉੱਥੋਂ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਡੇਰੇ ਵਿੱਚ ਹਾਜ਼ਰ ਨਿਹੰਗਾਂ ਨੇ ਉਸਨੂੰ ਰੋਕ ਦਿੱਤਾ। ਕੁਝ ਸਮੇਂ ਬਾਅਦ ਜਦੋਂ ਉਹ ਲੋਕਾਂ ਨੂੰ ਇਕੱਠੇ ਕਰਕੇ ਮੁੜ ਡੇਰੇ ਵਿੱਚ ਪੁੱਜੀ ਅਤੇ ਆਪਣੇ ਪਤੀ ਨੂੰ ਉੱਥੋਂ ਹਸਪਤਾਲ ਲਿਜਾਣ ਲੱਗੀ ਤਾਂ ਉਸ ਦੇ ਪਤੀ ਨੇ ਉਸਦੇ ਸਾਹਮਣੇ ਹੀ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਦਮ ਤੋੜ ਦਿੱਤਾ। ਘਟਨਾ ਦੀ ਇਤਲਾਹ ਮਿਲਣ ’ਤੇ ਥਾਣਾ ਮਾਜਰੀ ਦੇ ਐੱਸਐੱਚਓ ਯੋਗੇਸ਼ ਕੁਮਾਰ ਦੀ ਅਗਵਾਈ ਹੇਠ ਪੁਲੀਸ ਪਾਰਟੀ ਮੌਕੇ ’ਤੇ ਪੁੱਜੀ ਤੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜੀ। ਪੁਲੀਸ ਨੇ ਮ੍ਰਿਤਕ ਦੀ ਪਤਨੀ ਪ੍ਰਿਯੰਕਾ ਦੇ ਬਿਆਨਾਂ ’ਤੇ ਡੇਰੇ ਦੇ ਨਿਹੰਗਾਂ ਸੁਦਾਗਰ ਸਿੰਘ ਤੇ ਇੰਦਰਜੀਤ ਸਿੰਘ ਖ਼ਿਲਾਫ਼ ਕਤਲ ਤੇ ਨਾਜਾਇਜ਼ ਤੌਰ ’ਤੇ ਬੰਦੀ ਬਣਾ ਕੇ ਰੱਖਣ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਮੁਲਜ਼ਮਾਂ ਦਾ ਦੋ ਦਿਨਾਂ ਪੁਲੀਸ ਰਿਮਾਂਡ

ਐੱਸਪੀ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਕੁੱਟਮਾਰ ਦਾ ਕੇਸ ਦਰਜ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਹੈ ਕਿ ਨਿਹੰਗਾਂ ਨੇ ਸ਼ੱਕੀ ਹਾਲਤ ਵਿੱਚ ਡੇਰੇ ਵਿੱਚ ਦਾਖ਼ਲ ਹੋਣ ਕਾਰਨ ਸ਼ੈਂਕੀ ਦੀ ਕੁੱਟਮਾਰ ਕੀਤੀ, ਜਿਸ ਕਾਰਨ ਉਸਦੀ ਮੌਤ ਹੋ ਗਈ। ਦੋਵਾਂ ਨੂੰ ਅੱਜ ਖਰੜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਉਨ੍ਹਾਂ ਨੂੰ ਦੋ ਦਿਨਾ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।

 

Advertisement