ਮੌਸਮ ਵਿਭਾਗ ਦੀ ਗਿਣਤੀ-ਮਿਣਤੀ ‘ਫੇਲ੍ਹ’
ਆਤਿਸ਼ ਗੁਪਤਾ
ਪੰਜਾਬ ਵਿੱਚ ਭਾਰੀ ਮੀਂਹ ਕਰਕੇ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ। ਇਸ ਸਮੇਂ ਸਮੁੱਚਾ ਪੰਜਾਬ ਹੜ੍ਹਾਂ ਦੀ ਮਾਰ ਹੇਠ ਹੈ, ਜਿੱਥੇ 4 ਲੱਖ ਏਕੜ ਦੇ ਕਰੀਬ ਫਸਲ ਪ੍ਰਭਾਵਿਤ ਹੋ ਚੁੱਕੀ ਹੈ ਅਤੇ ਤਿੰਨ ਦਰਜਨ ਦੇ ਕਰੀਬ ਵਿਅਕਤੀਆਂ ਦੀ ਜਾਨ ਚਲੇ ਗਈ ਹੈ।
ਅਜਿਹੇ ਹਾਲਾਤ ਵਿੱਚ ਸਾਰਿਆਂ ਦੀਆਂ ਨਜ਼ਰਾਂ ਮੌਸਮ ਵਿਭਾਗ ’ਤੇ ਟਿਕੀਆਂ ਹੋਈਆਂ ਹਨ, ਪਰ ਹੁਣ ਮੌਸਮ ਵਿਭਾਗ ਦੀ ਗਿਣਤੀ ਮਿਣਤੀ ‘ਫੇਲ੍ਹ’ ਸਾਬਤ ਹੋਣ ਲੱਗੀ ਹੈ। ਮੌਸਮ ਵਿਭਾਗ ਵੱਲੋਂ ਅੱਜ ਵੀ ਪੰਜਾਬ ਵਿੱਚ ਸਾਫ ਮੌਸਮ ਦੀ ਪੇਸ਼ੀਨਗੋਈ ਕੀਤੀ ਗਈ ਸੀ, ਪਰ ਸੂਬੇ ਦੇ ਕਈ ਖੇਤਰਾਂ ਵਿੱਚ ਹਲਕਾ ਮੀਂਹ ਪਿਆ, ਜਦੋਂਕਿ ਲੁਧਿਆਣਾ ਅਤੇ ਮਾਨਸਾ ਵਿੱਚ ਭਾਰੀ ਮੀਂਹ ਪਿਆ ਹੈ। ਮੌਸਮ ਵਿਭਾਗ ਨੇ ਹੁਣ ਪੰਜਾਬ ਵਿੱਚ 5, 6, 7, 8 ਤੇ 9 ਸਤੰਬਰ ਨੂੰ ਮੌਸਮ ਸਾਫ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ, ਜਦੋਂਕਿ ਮੌਸਮ ਵਿਭਾਗ ਨੇ 10 ਸਤੰਬਰ ਨੂੰ ਮੁੜ ਤੋਂ ਮੌਸਮ ਦਾ ਮਿਜ਼ਾਜ ਬਦਲਣ ਦੀ ਪੇਸ਼ੀਨਗੋਈ ਕੀਤੀ ਹੈ।
ਪੰਜਾਬ ਵਿੱਚ ਮੌਨਸੂਨ ਸੀਜ਼ਨ ਦੌਰਾਨ ਆਮ ਨਾਲੋਂ 54 ਫ਼ੀਸਦ ਵੱਧ ਪਿਆ ਮੀਂਹ
ਚੰਡੀਗੜ੍ਹ: ਇਸ ਵਾਰ ਮੌਨਸੂਨ ਸੀਜ਼ਨ ਦੌਰਾਨ ਪੰਜਾਬ ਵਿੱਚ ਪਹਿਲੀ ਜੂਨ ਤੋਂ ਹੁਣ ਤੱਕ ਆਮ ਨਾਲੋਂ 54 ਫ਼ੀਸਦ ਵੱਧ ਮੀਂਹ ਪਿਆ ਹੈ। ਇਸ ਦੌਰਾਨ ਪੰਜਾਬ ਵਿੱਚ 378.6 ਐੱਮਐੱਮ ਆਮ ਨਾਲੋਂ ਵਧ ਕੇ 582 ਐੱਮਐੱਮ ਮੀਂਹ ਪਿਆ ਹੈ। ਹਾਲਾਂਕਿ ਅਗਸਤ ਵਿੱਚ ਆਮ ਨਾਲੋਂ 74 ਫ਼ੀਸਦ ਵੱਧ ਮੀਂਹ ਪਿਆ ਹੈ। ਪਹਾੜੀ ਇਲਾਕੇ ਦੇ ਨਾਲ-ਨਾਲ ਪੰਜਾਬ ਵਿੱਚ ਪੈ ਰਹੇ ਭਾਰੀ ਮੀਂਹ ਕਰਕੇ ਵੀ ਪੰਜਾਬ ਵਿੱਚ ਹਾਲਾਤ ਗੰਭੀਰ ਬਣੇ ਹੋਏ ਹਨ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਤਰਨ ਤਾਰਨ ਤੇ ਗੁਰਦਾਸਪੁਰ ਸ਼ਹਿਰਾਂ ਵਿੱਚ ਸਭ ਤੋਂ ਵੱਧ ਅਤੇ ਕਪੂਰਥਲਾ ਤੇ ਮੁਹਾਲੀ ਵਿੱਚ ਸਭ ਤੋਂ ਘੱਟ ਮੀਂਹ ਪਿਆ ਹੈ। ਪੰਜਾਬ ਵਿੱਚ ਪਿਛਲੇ ਹਫ਼ਤੇ ਦੌਰਾਨ ਆਮ ਨਾਲੋਂ 472 ਫ਼ੀਸਦ ਵੱਧ ਮੀਂਹ ਪਿਆ ਹੈ। ਇਸ ਦੌਰਾਨ ਸਮੁੱਚੇ ਪੰਜਾਬ ਵਿੱਚ ਔਸਤਨ 24.8 ਐੱਮਐੱਮ ਮੀਂਹ ਦੇ ਮੁਕਾਬਲੇ 141.9 ਐੱਮਐੱਮ ਮੀਂਹ ਪਿਆ ਹੈ।