ਮੌਸਮ ਵਿਭਾਗ ਵੱਲੋਂ ਓਰੈਂਜ ਅਲਰਟ ਜਾਰੀ
ਆਤਿਸ਼ ਗੁਪਤਾ
ਚੰਡੀਗੜ੍ਹ, 29 ਅਪਰੈਲ
ਪੰਜਾਬ ਤੇ ਹਰਿਆਣਾ ਵਿੱਚ ਕਣਕ ਦੀ ਵਾਢੀ ਦਾ ਕੰਮ ਆਖਰੀ ਪੜਾਅ ਵਿੱਚ ਦਾਖਲ ਹੋ ਚੁੱਕਿਆ ਹੈ। ਇਸ ਦੇ ਨਾਲ ਹੀ ਗਰਮੀ ਨੇ ਵੀ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਵੱਧ ਰਹੀ ਗਰਮੀ ਕਰਕੇ ਤਾਪਮਾਨ ਵੀ 43 ਡਿਗਰੀ ਸੈਲਸੀਅਸ ਦੇ ਨਜ਼ਦੀਕ ਪਹੁੰਚ ਗਿਆ ਹੈ। ਸਾਫ਼ ਮੌਸਮ ਕਰਕੇ ਕਿਸਾਨਾਂ ਵੱਲੋਂ ਕਣਕ ਦੀ ਵਾਢੀ ਨੂੰ ਤੇਜ਼ੀ ਨਾਲ ਨੇਪਰੇ ਚਾੜ੍ਹਿਆ ਜਾ ਰਿਹਾ ਹੈ। ਪਹਿਲੀ ਮਈ ਨੂੰ ਮੁੜ ਤੋਂ ਮੌਸਮ ਆਪਣਾ ਮਿਜ਼ਾਜ ਬਦਲਣ ਜਾ ਰਿਹਾ ਹੈ। ਇਸ ਦੌਰਾਨ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ ਤੇ ਕਈ ਥਾਵਾਂ ’ਤੇ ਮੀਂਹ ਵੀ ਪੈ ਸਕਦਾ ਹੈ। ਮੌਸਮ ਵਿਭਾਗ ਨੇ ਪਹਿਲੀ ਮਈ ਲਈ ਓਰੈਂਜ ਅਲਰਟ ਵੀ ਜਾਰੀ ਕਰ ਦਿੱਤਾ ਹੈ। ਇਹ ਹਾਲਾਤ 1 ਮਈ ਤੋਂ ਲੈ ਕੇ 4-5 ਮਈ ਤੱਕ ਦੇਖਣ ਨੂੰ ਮਿਲ ਸਕਦੇ ਹਨ।
ਹਾਲਾਂਕਿ ਦੋਵਾਂ ਸੂਬਿਆਂ ਵਿੱਚ 30 ਅਪਰੈਲ ਨੂੰ ਗਰਮੀ ਦਾ ਕਹਿਰ ਇਸੇ ਤਰ੍ਹਾਂ ਜਾਰੀ ਰਹੇਗਾ। ਪੰਜਾਬ ਵਿੱਚ ਬਠਿੰਡਾ ’ਚ ਵੱਧ ਤੋਂ ਵੱਧ ਤਾਪਮਾਨ 42.8 ਡਿਗਰੀ ਸੈਲਸੀਅਸ, ਉਧਰ ਹਰਿਆਣਾ ਦੇ ਸਿਰਸਾ ਵਿੱਚ ਵੱਧ ਤੋਂ ਵੱਧ ਤਾਪਮਾਨ 42.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਖਰਾਬ ਮੌਸਮ ਬਣ ਸਕਦਾ ਹੈ ਸੰਕਟ
ਪੰਜਾਬ ਦੀਆਂ ਮੰਡੀਆਂ ਵਿੱਚ ਇਨ੍ਹਾਂ ਦਿਨਾਂ ਦੌਰਾਨ ਕਣਕ ਦੀ ਫ਼ਸਲ ਦੇ ਵੱਡੀ ਗਿਣਤੀ ਵਿੱਚ ਅੰਬਾਰ ਲੱਗੇ ਹੋਏ। ਉੱਧਰ, ਮੌਸਮ ਵਿਭਾਗ ਵੱਲੋਂ ਪਹਿਲੀ ਮਈ ਤੋਂ ਸੂਬੇ ਵਿੱਚ ਮੌਸਮ ਦਾ ਮਿਜ਼ਾਜ ਬਦਲਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਅਜਿਹੇ ਸਮੇਂ ਮੀਂਹ ਪੈਣ ਨਾਲ ਸੂਬੇ ਦੀਆਂ ਮੰਡੀਆਂ ਵਿੱਚ ਪਈ ਕਣਕ ਭਿੱਜ ਸਕਦੀ ਹੈ। ਇਸ ਲਈ ਸੂਬਾ ਸਰਕਾਰ ਨੂੰ ਸਮੇਂ ਰਹਿੰਦੇ ਕਣਕ ਦੀ ਸੰਭਾਲ ਕਰਨੀ ਪਵੇਗੀ।