ਅਦਾਲਤ ਦੇ ਹੁਕਮਾਂ ’ਤੇ ਸੰਦੀਪ ਸਿੰਘ ਸੰਨੀ ਦੀ ਡਾਕਟਰੀ ਜਾਂਚ
ਪੁਲੀਸ ਦਾ ਸੁਰੱਖਿਆ ਘੇਰਾ ਇੰਨਾ ਸਖ਼ਤ ਸੀ ਕਿ ਮੀਡੀਆ ਜਾਂ ਸੰਨੀ ਦੇ ਪਰਿਵਾਰਕ ਮੈਂਬਰ ਨੂੰ ਨੇੜੇ ਨਹੀਂ ਲੱਗਣ ਦਿੱਤਾ ਗਿਆ। ਪੁਲੀਸ ਵੈਨ ’ਚੋਂ ਜਿਉਂ ਹੀ ਸੰਦੀਪ ਸਿੰਘ ਸੰਨੀ ਨੂੰ ਉਤਾਰਿਆ ਤਾਂ ਉਸ ਨੇ ਜੈਕਾਰੇ ਲਗਾਏ। ਸਿਵਲ ਹਸਪਤਾਲ ਦੇ ਸੀਨੀਅਰ ਡਾ. ਰਾਹੁਲ ਨੇ ਦੱਸਿਆ ਕਿ ਅਦਾਲਤ ਦੇ ਹੁਕਮਾਂ ’ਤੇ ਡਾਕਟਰਾਂ ਦੇ ਤਿੰਨ ਮੈਂਬਰੀ ਬੋਰਡ ਨੇ ਸੰਦੀਪ ਸਿੰਘ ਸੰਨੀ ਦਾ ਮੈਡੀਕਲ ਕੀਤਾ ਹੈ। ਇਸ ਵਿੱਚ ਉਨ੍ਹਾਂ ਸਣੇ ਡਾ. ਕਰਮਦੀਪ ਸਿੰਘ ਕਾਹਲ ਤੇ ਡਾ. ਪੂਨਮ ਧੀਰ ਸ਼ਾਮਲ ਸਨ। ਇਸ ਦੌਰਾਨ ਸੰਨੀ ਦੇ ਸਿਟੀ ਸਕੈਨ ਅਤੇ ਐਕਸ-ਰੇ ਆਦਿ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਮੁਕੰਮਲ ਮੈਡੀਕਲ ਰਿਪੋਰਟ ਸਬੰਧਤ ਅਥਾਰਟੀ ਨੂੰ ਭੇਜ ਦਿੱਤੀ ਜਾਵੇਗੀ।
ਇਸ ਮੌਕੇ ਸੰਦੀਪ ਸਿੰਘ ਸੰਨੀ ਦੇ ਭਰਾ ਮਨਦੀਪ ਸਿੰਘ ਨੇ ਦੋਸ਼ ਲਾਇਆ ਕਿ ਪਟਿਆਲਾ ਜੇਲ੍ਹ ਵਿੱਚ ਸੰਦੀਪ ਸਿੰਘ ਸੰਨੀ ਦੀ ਕੁੱਟਮਾਰ ਕੀਤੀ ਗਈ। ਇਸ ਤੋਂ ਬਾਅਦ ਡਾਕਟਰਾਂ ਨੇ ਚੰਗੀ ਤਰ੍ਹਾਂ ਜਾਂਚ ਨਹੀਂ ਕੀਤੀ। ਜੇਲ੍ਹ ਵਿੱਚ ਉਸ ਨੂੰ ਨਾ ਦਵਾਈ ਦਿੱਤੀ ਗਈ ਤੇ ਨਾ ਹੀ ਦੋ ਦਿਨ ਰੋਟੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਅਦਾਲਤ ਦੇ ਹੁਕਮਾਂ ’ਤੇ ਸੰਦੀਪ ਸਿੰਘ ਸੰਨੀ ਨੂੰ ਪਟਿਆਲਾ ਤੋਂ ਸੰਗਰੂਰ ਜੇਲ੍ਹ ਤਬਦੀਲ ਕੀਤਾ ਗਿਆ ਸੀ ਅਤੇ ਅੱਜ ਅਦਾਲਤ ਦੇ ਹੁਕਮਾਂ ’ਤੇ ਡਾਕਟਰਾਂ ਦੇ ਬੋਰਡ ਨੇ ਮੈਡੀਕਲ ਕੀਤਾ ਹੈ।
ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੰਦ ਸੰਦੀਪ ਸਿੰਘ ਸੰਨੀ ਅਤੇ ਤਿੰਨ ਸਾਬਕਾ ਪੁਲੀਸ ਅਧਿਕਾਰੀਆਂ ਵਿਚਕਾਰ ਝਗੜਾ ਹੋਇਆ ਸੀ। ਸੰਨੀ ਉਪਰ ਦੋਸ਼ ਲੱਗਿਆ ਹੈ ਕਿ ਉਸ ਨੇ ਤਿੰਨ ਪੁਲੀਸ ਅਧਿਕਾਰੀਆਂ ਉੱਪਰ ਹਮਲਾ ਕੀਤਾ ਜੋ ਗੰਭੀਰ ਜ਼ਖ਼ਮੀ ਹੋ ਗਏ। ਇਨ੍ਹਾਂ ’ਚੋਂ ਜ਼ਖ਼ਮੀ ਸੂਬਾ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ।