ਲੁਧਿਆਣਾ ਵਿੱਚ ‘ਆਪ’ ਆਗੂ ਦੇ ਘਰ ’ਤੇ ਹਮਲਾ; ਨਸ਼ਾ ਤਸਕਰਾਂ ਵਿਰੁੱਧ ਸੂਚਨਾ ਦੇਣ ਕਰਕੇ ਚਲਾਈਆਂ ਗੋਲੀਆਂ
ਹਮਲਾਵਰਾਂ ਨੇ ਮੁੱਖ ਗੇਟ ’ਤੇ ਚਲਾਈਆਂ ਗੋਲੀਆਂ; ਕਾਰ ਨੂੰ ਲਾਈ ਅੱਗ; ਪਰਿਵਾਰ ਨੂੰ ਵੀ ਧਮਕਾਇਆ
ਲਹਿਰਾ ਪਿੰਡ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਅਤੇ ਨਸ਼ਾ ਤਸਕਰਾਂ ਵਿਰੁੱਧ ਸੂਚਨਾ ਦੇਣ ਵਾਲੇ ਸੁਖਵਿੰਦਰ ਸਿੰਘ ਛਿੰਦਾ ਦੇ ਘਰ ਛੇ-ਸੱਤ ਹਥਿਆਰਬੰਦ ਹਮਲਾਵਰਾਂ ਨੇ ਹਮਲਾ ਕਰ ਦਿੱਤਾ।
ਹਮਲਾਵਰਾਂ ਨੇ ਮੁੱਖ ਗੇਟ ’ਤੇ ਪੰਜ-ਸੱਤ ਗੋਲੀਆਂ ਚਲਾਈਆਂ ਅਤੇ ਘਰ ਵਿੱਚ ਦਾਖਲ ਹੋ ਕੇ ਪਰਿਵਾਰ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ। ਉਨ੍ਹਾਂ ਨੇ ਛਿੰਦਾ ਦੀ ਕਾਰ ਨੂੰ ਅੱਗ ਲਾ ਦਿੱਤੀ ਅਤੇ ਹਨੇਰੇ ਦਾ ਫਾਇਦਾ ਉਠਾ ਕੇ ਭੱਜ ਗਏ।
ਦੇਹਲੋਂ ਪੁਲੀਸ ਨੇ ਮੁੱਖ ਮੁਲਜ਼ਮ ਮਾਨਕ ਅਤੇ ਉਸ ਦੇ ਸਾਥੀ ਵਿਰੁੱਧ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਏਸੀਪੀ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਦੇਹਲੋਂ ਐਸਐਚਓ ਸੁਖਜਿੰਦਰ ਸਿੰਘ ਦੀ ਅਗਵਾਈ ਵਿੱਚ ਪੁਲੀਸ ਮੁਲਜ਼ਮਾਂ ਦੀ ਭਾਲ ਵਿੱਚ ਹੈ, ਜਿਨ੍ਹਾਂ ਨੇ ਰਾਤ 11 ਵਜੇ ਦੇ ਕਰੀਬ ਹਮਲਾ ਕੀਤਾ।
ਹਮਲੇ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋਇਆ ਪਰ ਛਿੰਦਾ ਜੋ ਪੋਹਿਰ ਟਰੱਕ ਯੂਨੀਅਨ ਦਾ ਪ੍ਰਧਾਨ ਵੀ ਹੈ, ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਦੇ ਬਣਨ ਤੋਂ ਬਾਅਦ ਨਸ਼ਾ ਤਸਕਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਵਿਰੁੱਧ ਅਵਾਜ਼ ਉਠਾਉਣ ਕਾਰਨ ਉਸ ਨੂੰ ਸਬਕ ਸਿਖਾਉਣ ਲਈ ਹਮਲਾ ਹੋਇਆ।
ਗਿੱਲ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੇ ਨਜ਼ਦੀਕੀ ਸੁਖਵਿੰਦਰ ਨੇ ਕਿਹਾ ਕਿ ਉਹ ਕਿਸੇ ਵੀ ਕੀਮਤ ’ਤੇ ਨਸ਼ਿਆਂ ਵਿਰੁੱਧ ਲੜਾਈ ਨਹੀਂ ਰੋਕੇਗਾ।

