ਪੀ ਪੀ ਵਰਮਾ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵਿਗਿਆਨੀਆਂ ਨੂੰ ਸੱਦਾ ਦਿੱਤਾ ਕਿ ਉਹ ਵਿਗਿਆਨ ਨੂੰ ਖੋਜ ਕੇਂਦਰਾਂ ਵਿੱਚੋਂ ਕੱਢ ਕੇ ਇਸ ਦਾ ਲਾਭ ਸਮਾਜ ਦੇ ਹਰ ਵਿਅਕਤੀ ਤੱਕ ਪਹੁੰਚਾਉਣ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਦਾ ਗਿਆਨ ਕਿਸੇ ਕਿਸਾਨ ਦੀ ਫ਼ਸਲ ਲਈ ਲਾਹੇਵੰਦ ਹੋਵੇ, ਜਦੋਂ ਖੋਜ ਕਿਸੇ ਮਰੀਜ਼ ਦੀ ਬਿਮਾਰੀ ਨੂੰ ਠੀਕ ਕਰੇ ਅਤੇ ਜਦੋਂ ਨਵੀਨਤਾ ਕਿਸੇ ਉੱਦਮੀ ਨੂੰ ਮਜ਼ਬੂਤ ਬਣਾਵੇ ਤਾਂ ਵਿਗਿਆਨ ਸੱਚਮੁੱਚ ਹੀ ਖੁਸ਼ਹਾਲੀ ਲਿਆਉਂਦੀ ਹੈ।
ਮੁੱਖ ਮੰਤਰੀ ਸੈਣੀ ਅੱਜ ਪੰਚਕੂਲਾ ਦੇ ਸੈਕਟਰ-5 ਵਿੱਚ ਕਰਵਾਏ ਚਾਰ ਰੋਜ਼ਾ 11ਵੇਂ ਕੌਮੀ ਕੌਮਾਂਤਰੀ ਵਿਗਿਆਨ ਮੇਲੇੇ ਦੇ ਦੂਜੇ ਦਿਨ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ। ਨਾਇਬ ਸਿੰਘ ਸੈਣੀ ਨੇ ਸਮਾਗਮ ਵਿੱਚ ਵਿਦਿਆਰਥੀ, ਸਾਇੰਸ ਤੇ ਤਕਨਾਲੋਜੀ ਪਿੰਡ ਦਾ ਉਦਘਾਟਨ ਕੀਤਾ। ਇਸ ਪਿੰਡ ਨੂੰ ਆਧੁਨਿਕ ਭਾਰਤ ਦਾ ‘ਨਵਾਂ ਨਾਲੰਦਾ’ ਦੱਸਿਆ ਗਿਆ। ਇਸ ਦੌਰਾਨ ਮੁੱਖ ਮੰਤਰੀ ਸ੍ਰੀ ਸੈਣੀ ਨੇ ਸਾਇੰਸ ਪ੍ਰਦਰਸ਼ਨੀ ਦਾ ਦੌਰਾ ਵੀ ਕੀਤਾ ਅਤੇ ਨਵੀਨਤਮ ਤਕਨਾਲੋਜੀਆਂ ਵਿੱਚ ਡੂੰਘੀ ਦਿਲਚਸਪੀ ਦਿਖਾਈ। ਇਸ ਮੌਕੇ ਡੀ ਬੀ ਟੀ ਸਕੱਤਰ ਡਾ. ਰਾਜੇਸ਼ ਗੋਖਲੇ, ਭੂ-ਵਿਗਿਆਨ ਮੰਤਰਾਲੇ ਦੇ ਜੁਆਇੰਟ ਸਕੱਤਰ ਡੀ ਐੱਸ ਪਾਂਡਿਅਨ ਤੋਂ ਇਲਾਵਾ ਡਾ. ਸ਼ਿਵ ਕੁਮਾਰ ਸ਼ਰਮਾ, ਵਿਵੇਕਾਨੰਦ ਪਾਈ, ਆਈ ਆਈ ਟੀ ਐੱਮ ਦੇ ਡਾਇਰੈਕਟਰ ਡਾ. ਸੂਰਿਆਚੰਦਰ ਰਾਓ, ਇੰਡੀਅਨ ਨੈਸ਼ਨਲ ਸਾਇੰਸ ਅਕੈਡਮੀ ਦੇ ਕਾਰਜਕਾਰੀ ਨਿਰਦੇਸ਼ਕ ਡਾ. ਬ੍ਰਿਜੇਸ਼ ਪਾਂਡੇ, ਵਿਗਿਆਨੀ ਡਾ. ਜਗਵੀਰ ਸਿੰਘ ਤੇ ਡਾ. ਵਿਨੂ ਵਲਸਾਲਾ ਸਮੇਤ ਉਦਯੋਗਿਕ ਇਕਾਈਆਂ ਦੇ ਨੁਮਾਇੰਦੇ, ਖੋਜੀ ਅਤੇ ਵਿਦਿਆਰਥੀ ਮੌਜੂਦ ਸਨ।

