ਹਰਜੀਤ ਸਿੰਘ ਪਰਮਾਰ
ਬਟਾਲਾ, 30 ਜੂਨ
ਇਥੇ ਪਿੰਡ ਬੋਦੇ ਦੀ ਖੂਹੀ ਵਿੱਚ ਦੇਰ ਰਾਤ ਪੀਰ ਬਾਬਾ ਬੋਦੇ ਸ਼ਾਹ ਦੀ ਦਰਗਾਹ ’ਤੇ ਚੱਲ ਰਹੇ ਮੇਲੇ ਦੌਰਾਨ ਕੁੱਝ ਨਕਾਬਪੋਸ਼ ਹਮਲਾਵਰਾਂ ਨੇ ‘ਆਪ’ ਨਾਲ ਸਬੰਧਤ ਪਿੰਡ ਦੇ ਸਰਪੰਚ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ ਦੌਰਾਨ ਸਰਪੰਚ ਸਣੇ ਪੰਜ ਵਿਅਕਤੀ ਜ਼ਖਮੀ ਹੋ ਗਏ। ਸਰਪੰਚ ਅਤੇ ਉਸ ਦੇ ਸਾਥੀਆਂ ਵੱਲੋਂ ਕੀਤੀ ਗਈ ਜਵਾਬੀ ਫਾਇਰਿੰਗ ਵਿੱਚ ਇੱਕ ਹਮਲਾਵਰ ਵੀ ਜ਼ਖਮੀ ਹੋ ਗਿਆ, ਜਿਸ ਦੀ ਅੰਮ੍ਰਿਤਸਰ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ। ਜ਼ਖਮੀਆਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ। ਜ਼ਖਮੀਆਂ ਨੂੰ ਸਿਵਲ ਹਸਪਤਾਲ ਬਟਾਲਾ ਵਿੱਚ ਦਾਖਲ ਕਰਵਾਇਆ ਗਿਆ, ਜਿੱਥੋਂ ਡਾਕਟਰਾਂ ਨੇ ਚਾਰ ਜ਼ਖਮੀਆਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ। ਜ਼ਖਮੀਆਂ ਵਿੱਚ ਸਰਪੰਚ ਗੁਰਦੇਵ ਸਿੰਘ ਉਰਫ਼ ਸਾਬਾ, ਸੰਦੀਪ ਕੁਮਾਰ, ਦੋਵੇਂ ਵਾਸੀ ਪਿੰਡ ਬੋਦੇ ਦੀ ਖੂਹੀ, ਬਿਕਰਮਜੀਤ ਸਿੰਘ ਵਾਸੀ ਪਿੰਡ ਭਾਗੋਵਾਲ, ਰੋਜ਼ੀ ਵਾਸੀ ਲੁਧਿਆਣਾ ਅਤੇ ਸਾਹਿਲ ਵਾਸੀ ਗਾਂਧੀ ਕੈਂਪ, ਬਟਾਲਾ ਦੇ ਨਾਂ ਸ਼ਾਮਲ ਹਨ। ਹਮਲਾਵਰਾਂ ਦੀ ਪਛਾਣ ਜਸਪ੍ਰੀਤ ਸਿੰਘ ਉਰਫ ਜੱਸ ਵਾਸੀ ਜੌਹਲ ਨੰਗਲ ਵਜੋਂ ਕੀਤੀ ਗਈ ਹੈ। ਗੋਲੀਆਂ ਦੀ ਆਵਾਜ਼ ਸੁਣਦਿਆਂ ਮੇਲੇ ਵਿੱਚ ਹਾਜ਼ਰ ਲੋਕ ਅਤੇ ਸੂਫੀ ਗਾਇਕ ਸਟੇਜ ਛੱਡ ਕੇ ਭੱਜ ਗਏ। ਪਿੰਡ ਬੋਦੇ ਦੀ ਖੂਹੀ ਦੀ ਮੈਂਬਰ ਪੰਚਾਇਤ ਕੁਲਵਿੰਦਰ ਕੌਰ ਨੇ ਦੱਸਿਆ ਕਿ ਐਤਵਾਰ ਨੂੰ ਪਿੰਡ ਵਿੱਚ ਬਾਬੇ ਦੀ ਜਗ੍ਹਾ ’ਤੇ ਚੱਲ ਰਹੇ ਮੇਲੇ ਦੌਰਾਨ ਕੁਝ ਨੌਜਵਾਨਾਂ ਨੇ ਪਿੰਡ ਦੇ ਸਰਪੰਚ ਗੁਰਦੇਵ ਸਿੰਘ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ’ਤੇ ਸਰਪੰਚ ਨੇ ਵੀ ਜਵਾਬੀ ਫਾਇਰਿੰਗ ਕੀਤੀ। ਹਮਲਾਵਰਾਂ ਵੱਲੋਂ ਕੀਤੀ ਗਈ ਅੰਨ੍ਹੇਵਾਹ ਫਾਇਰਿੰਗ ਦੌਰਾਨ ਸਰਪੰਚ ਸਣੇ ਪੰਜ ਵਿਅਕਤੀ ਜ਼ਖ਼ਮੀ ਹੋ ਗਏ। ਪਿੰਡ ਦੇ ਇੱਕ ਨੌਜਵਾਨ ਨੇ ਜ਼ਖਮੀ ਹੋਏ ਹਮਲਾਵਰ ਨੂੰ ਕਾਬੂ ਕਰ ਲਿਆ ਪਰ ਹਮਲਾਵਰ ਨੇ ਗੋਲੀ ਮਾਰ ਕੇ ਉਸ ਨੌਜਵਾਨ ਨੂੰ ਵੀ ਜ਼ਖਮੀ ਕਰ ਦਿੱਤਾ। ਸਰਪੰਚ ਗੁਰਦੇਵ ਸਿੰਘ ਸਾਬਾ, ਬਿਕਰਮਜੀਤ ਸਿੰਘ, ਸੰਦੀਪ ਕੁਮਾਰ ਅਤੇ ਜਸਪ੍ਰੀਤ ਸਿੰਘ ਨੂੰ ਹਾਲਤ ਗੰਭੀਰ ਹੋਣ ਕਾਰਨ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਹਮਲਾਵਰਾਂ ਨੇ 25 ਤੋਂ 30 ਗੋਲੀਆਂ ਚਲਾਈਆਂ। ਥਾਣਾ ਮੁਖੀ ਨਿਰਮਲ ਸਿੰਘ ਨੇ ਦੱਸਿਆ ਕਿ ਘਟਨਾ ਵਿੱਚ ਸਰਪੰਚ ਸਣੇ ਛੇ ਵਿਅਕਤੀ ਜ਼ਖਮੀ ਹੋਏ ਸਨ, ਜਿਨ੍ਹਾਂ ਦਾ ਇਲਾਜ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਹੋ ਰਿਹਾ ਹੈ। ਇੱਕ ਜ਼ਖਮੀ ਜਸਪ੍ਰੀਤ ਸਿੰਘ ਉਰਫ ਜੱਸ ਦੀ ਅੱਜ ਸ਼ਾਮ ਇਲਾਜ ਦੌਰਾਨ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੇ ਇਸ ਸਬੰਧੀ ਇਰਾਦਾ ਕਤਲ ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਸੀ, ਜਿਸ ਵਿੱਚ ਹੁਣ ਵਾਧਾ ਕੀਤਾ ਜਾਵੇਗਾ।