DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸ਼ਹੀਦੀ ਜੋੜ ਮੇਲ: ਵੱਡੀ ਗਿਣਤੀ ਸੰਗਤ ਨੇ ਗੁਰਦੁਆਰਿਆਂ ’ਚ ਮੱਥਾ ਟੇਕਿਆ

ਦੂਜੇ ਦਿਨ ਡੇਢ ਲੱਖ ਦੇ ਕਰੀਬ ਸੰਗਤ ਨੇ ਹਾਜ਼ਰੀ ਭਰੀ
  • fb
  • twitter
  • whatsapp
  • whatsapp
featured-img featured-img
ਗੁਰਦੁਆਰਾ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਜੁੜੀ ਸੰਗਤ।
Advertisement

ਸੰਜੀਵ ਬੱਬੀ

ਚਮਕੌਰ ਸਾਹਿਬ, 21 ਦਸੰਬਰ

Advertisement

ਗੁਰੂ ਗੋਬਿੰਦ ਸਿੰਘ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਅਤੇ ਚਮਕੌਰ ਸਾਹਿਬ ਦੀ ਜੰਗ ਦੇ ਮਹਾਨ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਤਿੰਨ ਰੋਜ਼ਾ ਸ਼ਹੀਦੀ ਸਮਾਗਮ ਦੇ ਅੱਜ ਦੂਜੇ ਦਿਨ ਡੇਢ ਲੱਖ ਦੇ ਕਰੀਬ ਸੰਗਤ ਨੇ ਹਾਜ਼ਰੀ ਭਰੀ। ਗੁਰਦੁਆਰਾ ਕਤਲਗੜ੍ਹ ਸਾਹਿਬ ਦੇ ਮੈਨੇਜਰ ਭਾਈ ਗੁਰਮੁੱਖ ਸਿੰਘ ਨੇ ਦੱਸਿਆ ਕਿ ਸੰਗਤ ਨੇ ਗੁਰਦੁਆਰਾ ਕਤਲਗੜ੍ਹ ਸਾਹਿਬ, ਗੁਰਦੁਆਰਾ ਗੜ੍ਹੀ ਸਾਹਿਬ, ਗੁਰਦੁਆਰਾ ਦਮਦਮਾ ਸਾਹਿਬ, ਗੁਰਦੁਆਰਾ ਰਣਜੀਤਗੜ੍ਹ ਸਾਹਿਬ, ਗੁਰਦੁਆਰਾ ਤਾੜੀ ਸਾਹਿਬ ਅਤੇ ਸ਼ਹੀਦ ਬੁਰਜ ਭਾਈ ਜੈਤਾ ਜੀ ਵਿਖੇ ਮੱਥਾ ਟੇਕਿਆ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸਮਾਗਮ ਦੌਰਾਨ ਵੱਖ-ਵੱਖ ਰਾਗੀ, ਢਾਡੀ ਅਤੇ ਕੀਰਤਨੀ ਜਥਿਆਂ ਨੇ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ।

ਸ਼ਹੀਦੀ ਜੋੜ ਮੇਲ ਦੌਰਾਨ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਅਤੇ ਗੜ੍ਹੀ ਚਮਕੌਰ ਦੇ ਸਮੂਹ ਸਿੰਘਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮਗਰੋਂ ਦੋਵੇਂ ਸਿੰਘ ਸਾਹਿਬਾਨ ਵੱਲੋਂ ਲਗਾਏ ਗਏ ਖੂਨਦਾਨ ਕੈਂਪ ਵਿੱਚ ਖੂਨਦਾਨੀਆਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਕਮੇਟੀ ਵੱਲੋਂ ਖੂਨਦਾਨੀਆਂ ਨੂੰ ਪ੍ਰਮਾਣ ਪੱਤਰ ਭੇਟ ਕੀਤੇ ਗਏ। ਉੱਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਸੰਗਤ ਸਿੰਘ ਦੀਵਾਨ ਹਾਲ ਵਿੱਚ ਸਜਾਈ ਗਈ ਸਟੇਜ ਤੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਕੋਈ ਵੀ ਵੱਡਾ ਅਕਾਲੀ ਆਗੂ ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚਮਕੌਰ ਸਾਹਿਬ ਨਹੀਂ ਪੁੱਜੇ।

ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਤੋਂ ਸਫ਼ਰ-ਏ-ਸ਼ਹਾਦਤ ਮਾਰਚ ਸਜਾਏ

ਘਨੌਲੀ (ਜਗਮੋਹਨ ਸਿੰਘ): ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਵਿਛੜਨ ਦੀ ਯਾਦ ਵਿੱਚ ਰੂਪਨਗਰ ਜ਼ਿਲ੍ਹੇ ਦੇ ਪਿੰਡ ਸਰਸਾ ਨੰਗਲ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਤੋਂ ਤਿੰਨ ਸਫ਼ਰ-ਏ-ਸ਼ਹਾਦਤ ਮਾਰਚ ਸਜਾਏ ਗਏ। ਇਹ ਮਾਰਚ ਸੰਤ ਅਵਤਾਰ ਸਿੰਘ ਟਿੱਬੀ ਸਾਹਿਬ ਵਾਲਿਆਂ ਦੀ ਦੇਖ-ਰੇਖ ਅਧੀਨ ਸਜਾਏ ਗਏ।

ਪਿੰਡ ਰਣਜੀਤਪੁਰਾ ਨੇੜੇ ਸਿਰਸਾ ਦੇ ਪਾਣੀ ਵਿੱਚੋਂ ਲੰਘਦੀ ਹੋਈ ਸੰਗਤ।

ਗੁਰੂ ਗੋਬਿੰਦ ਸਿੰਘ ਅਤੇ ਵੱਡੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਸਜਾਇਆ ਗਿਆ ਸਫ਼ਰ-ਏ-ਸ਼ਹਾਦਤ ਘੋੜਸਵਾਰ ਮਾਰਚ ਸਿਰਸਾ ਨਦੀ ਨੂੰ ਪਾਰ ਕਰਨ ਉਪਰੰਤ ਵੱਖ-ਵੱਖ ਪਿੰਡਾਂ ਵਿਚੋਂ ਦੀ ਹੁੰਦਾ ਹੋਇਆ ਸ੍ਰੀ ਚਮਕੌਰ ਸਾਹਿਬ ਵਿਖੇ ਪੁੱਜ ਕੇ ਸਮਾਪਤ ਹੋਇਆ। ਇਸੇ ਤਰ੍ਹਾਂ ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰ ਕੌਰ ਜੀ ਦੀ ਯਾਦ ਵਿੱਚ ਸਜਾਇਆ ਗਿਆ ਬੀਬੀਆਂ ਦਾ ਪੈਦਲ ਮਾਰਚ ਸਿਰਸਾ ਨਦੀ ਪਾਰ ਕਰਨ ਉਪਰੰਤ ਗੁਰੂ ਕੇ ਮਹਿਲ ਉੱਚਾ ਖੇੜਾ ਰੂਪਨਗਰ ਵਿਖੇ ਪੁੱਜ ਕੇ ਸੰਪੰਨ ਹੋਇਆ। ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਸਜਾਇਆ ਨਗਰ ਕੀਰਤਨ ਸਿਰਸਾ ਨਦੀ ਪਾਰ ਕਰਨ ਉਪਰੰਤ ਯਾਦਗਾਰ ਛੰਨ ਕੁੰਮਾ ਮਾਸਕੀ ਚੱਕ ਢੇਰਾਂ ਵਿਖੇ ਪੁੱਜ ਕੇ ਸੰਪੂਰਨ ਹੋਇਆ।

Advertisement
×