ਸ਼ਹੀਦੀ ਪੁਰਬ: ਪੰਜਾਬ ਸਰਕਾਰ ਨੇ ਤਿਆਰੀਆਂ ਵਿੱਢੀਆਂ
ਸ੍ਰੀਨਗਰ, ਫ਼ਰੀਦਕੋਟ, ਤਲਵੰਡੀ ਸਾਬੋ ਤੇ ਗੁਰਦਾਸਪੁਰ ਤੋਂ ਸਜਣਗੇ ਨਗਰ ਕੀਰਤਨ; ਜ਼ਿਲ੍ਹਾ ਪੱਧਰ ’ਤੇ ਹੋਣਗੇ ਲਾੲੀਟ ਐਂਡ ਸਾੳੂਂਡ ਪ੍ਰੋਗਰਾਮ
ਪੰਜਾਬ ਸਰਕਾਰ ਵੱਲੋਂ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਸਜਾਏ ਜਾਣ ਵਾਲੇ ਨਗਰ ਕੀਰਤਨ ਤੇ ਵੱਖ-ਵੱਖ ਧਾਰਮਿਕ ਸਮਾਗਮਾਂ ਦੇ ਪ੍ਰਬੰਧਾਂ ਸਬੰਧੀ ਮੀਟਿੰਗ ਇੱੱਥੇ ਡੀ ਸੀ ਦਫ਼ਤਰ ਵਿੱਚ ਹੋਈ। ਇਸ ਵਿੱਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਹਰਭਜਨ ਸਿੰਘ ਈ ਟੀ ਓ, ਤਰੁਨਪ੍ਰੀਤ ਸਿੰਘ ਸੌਂਦ ਤੇ ਡਾਇਰੈਕਟਰ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਸੰਜੀਵ ਤਿਵਾੜੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਸ੍ਰੀ ਬੈਂਸ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੂੰ ਪੰਜਾਬ ਸਰਕਾਰ ਵੱਲੋਂ ਸੂਬਾ ਪੱਧਰ ’ਤੇ ਮਨਾਇਆ ਜਾ ਰਿਹਾ ਹੈ। ਇਹ ਸਮਾਗਮ ਸ਼ਹੀਦ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਸ਼ਹੀਦਾਂ ਨੂੰ ਵੀ ਸਮਰਪਿਤ ਹੋਣਗੇ। ਉਨ੍ਹਾਂ ਦੱਸਿਆ ਕਿ 18 ਨਵੰਬਰ ਨੂੰ ਗੁਰਦੁਆਰਾ ਛਟੀ ਪਾਤਸ਼ਾਹੀ ਸ੍ਰੀਨਗਰ ਵਿੱਚ ਸਮਾਗਮ ਹੋਵੇਗਾ। ਇਸ ’ਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ, ਅਰਵਿੰਦ ਕੇਜਰੀਵਾਲ ਤੋਂ ਇਲਾਵਾ ਦੇਸ਼ ਭਰ ਤੋਂ ਸੰਤ ਸ਼ਿਰਕਤ ਕਰਨਗੇ। 19 ਨਵੰਬਰ ਨੂੰ ਇੱਥੋਂ ਨਗਰ ਕੀਰਤਨ ਸਜਾਇਆ ਜਾਵੇਗਾ ਜੋ ਵੱਖ-ਵੱਖ ਥਾਵਾਂ ਤੋਂ ਹੋ ਕੇ ਆਨੰਦਪੁਰ ਸਾਹਿਬ ਪੁੱਜੇਗਾ। ਇਸੇ ਤਰ੍ਹਾਂ ਦੂਜਾ ਨਗਰ ਕੀਰਤਨ ਫ਼ਰੀਦਕੋਟ ਸ਼ਹਿਰ ਤੋਂ ਚੱਲੇਗਾ ਜੋ ਫ਼ਿਰੋਜ਼ਪੁਰ, ਮੋਗਾ, ਜਗਰਾਓਂ, ਲੁਧਿਆਣਾ ਤੇ ਹੋਰ ਰਸਤਿਆਂ ਤੋਂ ਹੁੰਦਾ ਹੋਇਆ ਸ੍ਰੀ ਆਨੰਦਪੁਰ ਸਾਹਿਬ ਪੁੱਜੇਗਾ। ਤੀਜਾ ਨਗਰ ਕੀਰਤਨ ਤਖ਼ਤ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਚੱਲੇਗਾ ਅਤੇ ਚੌਥਾ ਨਗਰ ਕੀਰਤਨ ਗੁਰਦਾਸਪੁਰ ਤੋਂ ਸ਼ੁਰੂ ਹੋ ਕੇ ਆਨੰਦਪੁਰ ਸਾਹਿਬ ਪਹੁੰਚੇਗਾ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਲਾਸਾਨੀ ਕੁਰਬਾਨੀ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਪ੍ਰੋਗਰਾਮ ਸਾਰੇ ਜ਼ਿਲ੍ਹਿਆਂ ਵਿੱਚ ਵੀ ਕਰਵਾਏ ਜਾਣਗੇ।
ਅਧਿਕਾਰੀਆਂ ਨੂੰ ਪ੍ਰਬੰਧ ਮੁਕੰਮਲ ਕਰਨ ਦੇ ਹੁਕਮ
ਫ਼ਿਰੋਜ਼ਪੁਰ (ਜਸਪਾਲ ਸਿੰਘ ਸੰਧੂ): ਪੰਜਾਬ ਸਰਕਾਰ ਵੱਲੋਂ ਗੁਰੂ ਤੇਗ ਬਹਾਦਰ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਕੀਤੇ ਜਾਣ ਵਾਲੇ ਸਮਾਗਮਾਂ ਸਬੰਧੀ ਇੱਥੇ ਡੀ ਸੀ ਦਫ਼ਤਰ ’ਚ ਮੀਟਿੰਗ ਕੀਤੀ ਗਈ। ਮੀਟਿੰਗ ਦੀ ਅਗਵਾਈ ਮੰਤਰੀ ਹਰਜੋਤ ਸਿੰਘ ਬੈਂਸ, ਹਰਭਜਨ ਸਿੰਘ ਈ ਟੀ ਓ, ਤਰੁਨਪ੍ਰੀਤ ਸਿੰਘ ਸੌਂਦ ਨੇ ਕੀਤੀ। ਸ੍ਰੀ ਬੈਂਸ ਨੇ ਦੱਸਿਆ ਕਿ ਫ਼ਰੀਦਕੋਟ ਤੋਂ ਆਰੰਭ ਹੋ ਕੇ ਨਗਰ ਕੀਰਤਨ ਫ਼ਿਰੋਜ਼ਪੁਰ ਪੁੱਜੇਗਾ। ਫ਼ਿਰੋਜ਼ਪੁਰ ਤੋਂ ਨਗਰ ਕੀਰਤਨ ਮੋਗਾ, ਜਗਰਾਉਂ, ਲੁਧਿਆਣਾ ਤੋਂ ਹੁੰਦਾ ਹੋਇਆ ਸ੍ਰੀ ਆਨੰਦਪੁਰ ਸਾਹਿਬ ਪਹੁੰਚੇਗਾ। ਉਨ੍ਹਾਂ ਅਧਿਕਾਰੀਆਂ ਨੂੰ ਸਮਾਗਮਾਂ ਤੋਂ ਪਹਿਲਾਂ ਸੜਕਾਂ ਦੀ ਮੁਰੰਮਤ, ਸਫ਼ਾਈ ਆਦਿ ਕੰਮ ਮੁਕੰਮਲ ਕਰਨ ਦੇ ਹੁਕਮ ਦਿੱਤੇ।