ਸ਼ਹੀਦੀ ਦਿਹਾੜਾ: ਸਰਕਾਰ ਵੱਲੋਂ ਆਨੰਦਪੁਰ ਸਾਹਿਬ ’ਚ ਸਮਾਗਮ 23 ਨਵੰਬਰ ਤੋਂ
ਪੰਜਾਬ ਸਰਕਾਰ ਵੱਲੋਂ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਚਾਰ ਧਾਰਮਿਕ ਯਾਤਰਾਵਾਂ ਅਤੇ ਵੱਡੇ ਸਮਾਗਮ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ। ਇਨ੍ਹਾਂ ਸਮਾਗਮਾਂ ਦੀਆਂ ਤਿਆਰੀਆਂ ਲਈ ਅੱਜ ਵਿਰਾਸਤ-ਏ-ਖ਼ਾਲਸਾ ਵਿੱਚ ਹੋਈ ਪਲੇਠੀ ਮੀਟਿੰਗ ’ਚ ਪਹੁੰਚੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਹਰਭਜਨ ਸਿੰਘ ਈਟੀਓ ਤੇ ਤਰੁਣਪ੍ਰੀਤ ਸਿੰਘ ਸੌਂਦ ਨੇ ਕਰਵਾਏ ਜਾਣ ਵਾਲੇ ਸਮਾਗਮਾਂ ਦੀ ਰੂਪ-ਰੇਖਾ ਬਾਰੇ ਜਾਣਕਾਰੀ ਦਿੱਤੀ। ਸ੍ਰੀ ਬੈਂਸ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਸ੍ਰੀ ਆਨੰਦਪੁਰ ਸਾਹਿਬ, ਬਾਬਾ ਬਕਾਲਾ, ਪਟਿਆਲਾ ਅਤੇ ਅੰਮ੍ਰਿਤਸਰ ਵਿੱਚ ਸ਼ਹੀਦੀ ਦਿਹਾੜੇ ਮੌਕੇ ਸਮਾਗਮ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 19 ਨਵੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ੍ਰੀਨਗਰ ਤੋਂ ਸ੍ਰੀ ਆਨੰਦਪੁਰ ਸਾਹਿਬ ਲਈ ਚਾਰ ਦਿਨਾਂ ਧਾਰਮਿਕ ਯਾਤਰਾ ਰਵਾਨਾ ਕੀਤੀ ਜਾਵੇਗੀ। ਇਸੇ ਤਰ੍ਹਾਂ ਗੁਰਦਾਸਪੁਰ, ਬਠਿੰਡਾ ਅਤੇ ਫ਼ਰੀਦਕੋਟ ਤੋਂ ਸ੍ਰੀ ਆਨੰਦਪੁਰ ਸਾਹਿਬ ਲਈ ਯਾਤਰਾਵਾਂ ਰਵਾਨਾ ਹੋਣਗੀਆਂ, ਜਿਨ੍ਹਾਂ ਨੂੰ ਇੱਥੋਂ ਦਿੱਲੀ ਲਈ ਰਵਾਨਾ ਕੀਤਾ ਜਾਵੇਗਾ| ਸ੍ਰੀ ਬੈਂਸ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਇਨ੍ਹਾਂ ਸਮਾਗਮਾਂ ਲਈ ਪੂਰਨ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਵੀ ਆਪਣੇ ਪੱਧਰ ’ਤੇ ਕਰਵਾਏ ਜਾ ਰਹੇ ਪ੍ਰੋਗਰਾਮਾਂ ਲਈ ਸ਼੍ੋਮਣੀ ਕਮੇਟੀ ਨੂੰ ਸੱਦਾ ਪੱਤਰ ਭੇਜਿਆ ਜਾਵੇਗਾ। ਸ੍ਰੀ ਬੈਂਸ ਨੇ ਦੱਸਿਆ ਕਿ ਵਿਰਾਸਤ-ਏ-ਖ਼ਾਲਸਾ ਵਿੱਚ 23 ਨਵੰਬਰ ਨੂੰ ਅਖੰਡ ਪਾਠ ਦੀ ਆਰੰਭਤਾ ਹੋਵੇਗੀ ਤੇ ਇਸੇ ਦਿਨ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਦਰਸਾਉਂਦੀ ਡਿਜੀਟਲ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਜਾਵੇਗਾ। ਗੁਰੂ ਸਾਹਿਬ ਦੇ ਜੀਵਨ ਅਤੇ ਸਿੱਖਿਆਵਾਂ ਨਾਲ ਸਬੰਧਤ ਕਵੀ ਦਰਬਾਰ, ਢਾਡੀ ਤੇ ਕਵੀਸ਼ਰੀ ਸਮਾਗਮ ਹੋਣਗੇ। ਇਸੇ ਦਿਨ ਪੰਜ ਪਿਆਰਾ ਪਾਰਕ ਵਿੱਚ ‘ਲਾਈਟ ਐਂਡ ਸਾਊਂਡ ਤੇ ਡਰੋਨ ਸ਼ੋਅ’ ਪ੍ਰੋਗਰਾਮ ਕਰਵਾਏ ਜਾਣਗੇ। ਇਸੇ ਤਰ੍ਹਾਂ 24 ਨਵੰਬਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਿਆ ਜਾਵੇਗਾ। ਸ੍ਰੀ ਈਟੀਓ ਅਤੇ ਸ੍ਰੀ ਸੌਂਦ ਨੇ ਦੱਸਿਆ ਕਿ ਜੰਗਲਾਤ ਵਿਭਾਗ ਵੱਲੋਂ ਰਾਜ ਪੱਧਰੀ ਪੌਦੇ ਲਾਉਣ ਦੀ ਮੁਹਿੰਮ ਦੀ ਸ਼ੁਰੂਆਤ ਮੁੱਖ ਮੰਤਰੀ ਕਰਨਗੇ ਜਿਸ ਦੌਰਾਨ 3.50 ਲੱਖ ਪੌਦੇ ਲਾਏ ਜਾਣਗੇ। ਇਸ ਮੌਕੇ ਸੈਰ ਸਪਾਟਾ ਵਿਭਾਗ ਦੇ ਐਡਵਾਈਜ਼ਰ ਦੀਪਕ ਬਾਲੀ ਅਤੇ ਸਕੱਤਰ ਡਾ. ਅਭਿਨਵ ਤ੍ਰਿਖਾ ਵੀ ਮੌਜੂਦ ਸਨ।