ਸ਼ਹੀਦੀ ਸ਼ਤਾਬਦੀ: ਨਗਰ ਕੀਰਤਨ ਗੜ੍ਹ ਮੁਕਤੇਸ਼ਵਰ ਲਈ ਰਵਾਨਾ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਦੇ ਸਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਸਾਮ ਤੋਂ ਆਰੰਭ ਕੀਤੇ ਸ਼ਹੀਦੀ ਨਗਰ ਕੀਰਤਨ ਵਿੱਚ ਅੱਜ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਸ਼ਮੂਲੀਅਤ ਕੀਤੀ। ਨਗਰ ਕੀਰਤਨ ਅੱਜ ਗੁਰਦੁਆਰਾ ਨਨਕਾਣਾ ਸਾਹਿਬ ਕਾਸ਼ੀਪੁਰ ਤੋਂ ਗੜ੍ਹ ਮੁਕਤੇਸ਼ਵਰ ਲਈ ਰਵਾਨਾ ਹੋਇਆ।
ਇਸ ਮੌਕੇ ਉਤਰਾਖੰਡ ਦੇ ਮੁੱਖ ਮੰਤਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਦੁਨੀਆਂ ਦੇ ਇਤਿਹਾਸ ਵਿੱਚ ਵਿਲੱਖਣ ਮਿਸਾਲ ਹੈ। ਗੁਰੂ ਸਾਹਿਬ ਨੇ ਕਸ਼ਮੀਰੀ ਪੰਡਤਾਂ ਦੀ ਫ਼ਰਿਆਦ ’ਤੇ ਜ਼ੁਲਮ ਅਤੇ ਅਨਿਆਂ ਵਿਰੁੱਧ ਕੁਰਬਾਨੀ ਦੇ ਕੇ ਇਤਿਹਾਸ ਸਿਰਜਿਆ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦਾ ਸ਼ਹੀਦੀ ਪੁਰਬ ਮਨਾਉਣਾ ਸਮੁੱਚੀ ਮਨੁੱਖਤਾ ਦਾ ਧਰਮ ਹੈ।
ਉਨ੍ਹਾਂ ਆਖਿਆ ਕਿ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਇਹ ਨਗਰ ਕੀਰਤਨ ਸਿਰਫ਼ ਇੱਕ ਯਾਤਰਾ ਹੀ ਨਹੀਂ ਹੈ, ਸਗੋਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਮਨੁੱਖਤਾ ਤੱਕ ਪਹੁੰਚਾਉਣ ਦਾ ਬਹੁਤ ਵਧੀਆ ਮਾਧਿਅਮ ਵੀ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨਾਲ ਸਬੰਧਤ ਇਤਿਹਾਸਕ ਸਮਾਗਮਾਂ ਵਿੱਚ ਸ਼ਾਮਲ ਹੋ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕਰਨ ਦਾ ਮੌਕਾ ਮਿਲਣਾ ਮਾਣ ਵਾਲੀ ਗੱਲ ਹੈ। ਇਸ ਮੌਕੇ ਰਾਗੀ ਜਥਿਆਂ ਨੇ ਗੁਰਬਾਣੀ ਦਾ ਕੀਰਤਨ ਕੀਤਾ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਕੇਵਲ ਸਿੰਘ ਨੇ ਗੁਰ-ਇਤਿਹਾਸ ਬਾਰੇ ਜਾਣਕਾਰੀ ਦਿੱਤੀ।
ਪ੍ਰਬੰਧਕਾਂ ਨੇ ਪੰਜ ਪਿਆਰਿਆਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਿਰੋਪੇ ਦਿੱਤੇ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੇ ਮੈਂਬਰਾਂ ਸਣੇ ਉਤਰਾਖੰਡ ਦੇ ਵਿਧਾਇਕ ਤਰਲੋਕ ਸਿੰਘ ਚੀਮਾ, ਜਥੇਦਾਰ ਬਾਬਾ ਸੁਰਿੰਦਰ ਸਿੰਘ, ਜਥੇਦਾਰ ਬਾਬਾ ਲੱਖਾ ਸਿੰਘ, ਜਥੇਦਾਰ ਬਾਬਾ ਹਰੀ ਸਿੰਘ, ਸ਼੍ਰੋਮਣੀ ਕਮੇਟੀ ਦੇ ਇੰਚਾਰਜ ਜਗਜੀਤ ਸਿੰਘ, ਸਿਮਰਨਜੀਤ ਸਿੰਘ ਕੰਗ, ਚੀਫ ਗੁਰਦੁਆਰਾ ਇੰਸਪੈਕਟਰ ਜਗਦੀਸ਼ ਸਿੰਘ ਬੁੱਟਰ, ਇੰਚਾਰਜ ਸਿੱਖ ਮਿਸ਼ਨ ਉਤਰਾਖੰਡ ਭਾਈ ਸੁਖਵਿੰਦਰ ਸਿੰਘ, ਮੀਤ ਮੈਨੇਜਰ ਰਵਿੰਦਰਜੀਤ ਸਿੰਘ, ਹੈੱਡ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆਂ, ਜਥੇਦਾਰ ਸੁਰਜੀਤ ਸਿੰਘ ਬਘੌਰਾ, ਸ੍ਰੀ ਗੁਰੂ ਸਿੰਘ ਸਭਾ ਬਿਲਾਸਪੁਰ ਦੇ ਪ੍ਰਬੰਧਕ ਤੀਰਥ ਸਿੰਘ, ਹਰਜਿੰਦਰ ਸਿੰਘ, ਬਲਦੇਵ ਸਿੰਘ ਔਲਖ ਤੋਂ ਇਲਾਕਾ ਵੱਡੀ ਗਿਣਤੀ ਸੰਗਤ ਹਾਜ਼ਰ ਸੀ।