ਸ਼ਹੀਦ ਰਿੰਕੂ ਸਿੰਘ ਦਾ ਫ਼ੌਜੀ ਸਨਮਾਨ ਨਾਲ ਸਸਕਾਰ
ਗੁਰਦੀਪ ਸਿੰਘ ਲਾਲੀ
ਸਿੱਕਮ ਵਿੱਚ ਡਿਊਟੀ ਦੌਰਾਨ ਸ਼ਹੀਦ ਹੋਏ ਭਾਰਤੀ ਫੌਜ ਦੇ ਲਾਂਸ ਨਾਇਕ ਰਿੰਕੂ ਸਿੰਘ ਦਾ ਅੱਜ ਉਸ ਦੇ ਜੱਦੀ ਪਿੰਡ ਨਮੋਲ ’ਚ ਫੌਜੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਸਸਕਾਰ ਮੌਕੇ ਐੱਸਡੀਐੱਮ ਸੁਨਾਮ ਪ੍ਰਮੋਦ ਸਿੰਗਲਾ, ਕਾਂਗਰਸੀ ਆਗੂ ਰਾਜਿੰਦਰ ਸਿੰਘ ਰਾਜਾ, ‘ਆਪ’ ਆਗੂ ਮਨਦੀਪ ਸਿੰਘ ਲਖਮੀਰਵਾਲਾ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਫੌਜ ਦੀ ਟੁਕੜੀ ਵੱਲੋਂ ਸ਼ਹੀਦ ਨੂੰ ਸਲਾਮੀ ਦਿੱਤੀ ਗਈ। ਸ਼ਹੀਦ ਦੇ ਵੱਡੇ ਭਰਾ ਨੇ ਚਿਖਾ ਨੂੰ ਅਗਨੀ ਦਿਖਾਈ। ਇਸ ਮੌਕੇ ਸ਼ਹੀਦ ਦੇ ਪਿਤਾ ਬਿੰਦਰ ਸਿੰਘ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਰਿੰਕੂ ਸਿੰਘ 2016 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ ਜੋ 55 ਇੰਜਨੀਅਰ ਰੈਜੀਮੈਂਟ ਯੂਨਿਟ ਵਿੱਚ ਬਤੌਰ ਲਾਂਸ ਨਾਇਕ ਸਿੱਕਮ ਵਿੱਚ ਤਾਇਨਾਤ ਸੀ। ਚਾਰ ਅਗਸਤ ਨੂੰ ਸਿੱਕਮ ਵਿੱਚ ਸੜਕ ਬਣਾਉਣ ਦੇ ਕੰਮ ਦੌਰਾਨ ਕੰਕਰੀਟ ਮਸ਼ੀਨ ਹਾਦਸੇ ਵਿੱਚ ਰਿੰਕੂ ਸਿੰਘ ਦੀ ਮੌਤ ਹੋ ਗਈ। ਪੰਚਾਇਤ ਮੈਂਬਰਾਂ ਅਤੇ ਸਾਬਕਾ ਫੌਜੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸ਼ਹੀਦ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਦੀ ਰਾਸ਼ੀ, ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਪਿੰਡ ’ਚ ਸ਼ਹੀਦ ਦੀ ਯਾਦਗਾਰ ਸਥਾਪਤ ਕੀਤੀ ਜਾਵੇ।