ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 21 ਜੂਨ
ਇੱਥੇ ਕੋਠੇ ਫਤਿਹਦੀਨ ਵਿੱਚ ਅੱਜ ਦੁਪਹਿਰੇ ਘਰੇਲੂ ਕਲੇਸ਼ ਕਾਰਨ 28 ਸਾਲਾ ਵਿਆਹੁਤਾ ਮੁਟਿਆਰ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਕੋਮਲਪ੍ਰੀਤ ਕੌਰ ਵਜੋਂ ਹੋਈ ਹੈ। ਉਸ ਦੇ ਪਿੱਛੇ ਪਰਿਵਾਰ ਵਿੱਚ ਚਾਰ ਸਾਲ ਦਾ ਲੜਕਾ ਵੀ ਹੈ। ਉਧਰ, ਮ੍ਰਿਤਕ ਲੜਕੀ ਦੇ ਪਰਿਵਾਰ ਨੇ ਇਸ ਸਬੰਧੀ ਕੋਈ ਵੀ ਪੁਲੀਸ ਕਾਰਵਾਈ ਕਰਵਾਉਣ ਤੋਂ ਕਥਿਤ ਇਨਕਾਰ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਕੋਮਲਪ੍ਰੀਤ ਕੌਰ ਨੇ ਕਰੀਬ ਸਾਢੇ ਕੁ ਚਾਰ ਸਾਲ ਪਹਿਲਾਂ ਕੋਠੇ ਫਤਿਹਦੀਨ ਵਿੱਚ ਆਪਣੇ ਗੁਆਂਢ ਵਿੱਚ ਰਹਿੰਦੇ ਲਵਜੀਤ ਸਿੰਘ ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਵਿਆਹ ਤੋਂ ਕੁਝ ਸਮਾਂ ਬਾਅਦ ਹੀ ਦੋਵਾਂ ਦਰਮਿਆਨ ਘਰੇਲੂ ਕਲੇਸ਼ ਸ਼ੁਰੂ ਹੋ ਗਿਆ। ਘਰੇਲੂ ਕਲੇਸ਼ ਕਾਰਨ ਕੋਮਲਪ੍ਰੀਤ ਕੌਰ ਪ੍ਰੇਸ਼ਾਨ ਰਹਿਣ ਲੱਗ ਪਈ। ਉਸ ਨੇ ਇਸੇ ਤਣਾਅ ਦੇ ਮੱਦੇਨਜ਼ਰ ਅੱਜ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਇਸ ਦਾ ਪਤਾ ਚੱਲਣ ਮਗਰੋਂ ਪਰਿਵਾਰਕ ਮੈਂਬਰ ਘਟਨਾ ਸਥਾਨ ’ਤੇ ਪਹੁੰਚ ਗਏ। ਹਸਪਤਾਲ ਲਿਜਾਂਦਿਆਂ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਇਸ ਘਟਨਾ ਸਬੰਧੀ ਸੂਚਨਾ ਮਿਲਣ ਮਗਰੋਂ ਬੱਸ ਸਟੈਂਡ ਚੌਕੀ ਦੇ ਇੰਚਾਰਜ ਏਐੱਸਆਈ ਸੁਖਵਿੰਦਰ ਸਿੰਘ ਦਿਓਲ ਵੀ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਲਾਸ਼ ਕਬਜ਼ੇ ਵਿੱਚ ਲੈ ਕੇ ਸਥਾਨਕ ਸਿਵਲ ਹਸਪਤਾਲ ਵਿੱਚ ਭੇਜ ਦਿੱਤੀ। ਪੁਲੀਸ ਨੇ ਪੋਸਟਮਾਰਟਮ ਮਗਰੋਂ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।