ਭਾਰਤ-ਪਾਕਿ ਵਿਚਕਾਰ ਵਧਦੇ ਤਣਾਅ ਹੇਠ ਆਏ ਸਰਹੱਦੀ ਜ਼ਿਲ੍ਹਿਆਂ ਦੇ ਵਿਆਹ
ਅਰਚਿਤ ਵਾਟਸ ਮੁਕਤਸਰ, 8 ਮਈ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧਦੇ ਤਣਾਅ ਕਾਰਨ ਆਮ ਨਾਗਰਿਕ ਫ਼ਿਕਰਮੰਦ ਹਨ। ਖਾਸ ਕਰ ਉਹ ਲੋਕ ਵਧੇਰੇ ਫ਼ਿਕਰਮੰਦ ਹਨ ਜਿਨ੍ਹਾਂ ਆਪਣੇ ਘਰਾਂ ਵਿਚ ਆਉਣ ਵਾਲੇ ਦਿਨਾਂ ’ਚ ਵਿਆਹ ਸਮਾਗਮ ਰੱਖੇ ਗਏ ਹਨ। ਮੁਕਤਸਰ ਸ਼ਹਿਰ ਦੇ ਵਸਨੀਕ...
ਅਰਚਿਤ ਵਾਟਸ
ਮੁਕਤਸਰ, 8 ਮਈ
ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧਦੇ ਤਣਾਅ ਕਾਰਨ ਆਮ ਨਾਗਰਿਕ ਫ਼ਿਕਰਮੰਦ ਹਨ। ਖਾਸ ਕਰ ਉਹ ਲੋਕ ਵਧੇਰੇ ਫ਼ਿਕਰਮੰਦ ਹਨ ਜਿਨ੍ਹਾਂ ਆਪਣੇ ਘਰਾਂ ਵਿਚ ਆਉਣ ਵਾਲੇ ਦਿਨਾਂ ’ਚ ਵਿਆਹ ਸਮਾਗਮ ਰੱਖੇ ਗਏ ਹਨ। ਮੁਕਤਸਰ ਸ਼ਹਿਰ ਦੇ ਵਸਨੀਕ ਗੁਰਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਭਤੀਜੇ ਦਾ ਵਿਆਹ 12 ਮਈ ਨੂੰ ਫਾਜ਼ਿਲਕਾ ਜ਼ਿਲ੍ਹੇ ਵਿਚ ਹੋਣ ਵਾਲਾ ਹੈ।
ਉਨ੍ਹਾਂ ਕਿਹਾ, ‘‘ਅਸੀਂ ਸਾਰੇ ਦੁਚਿੱਤੀ ਵਿਚ ਹਨ। ਸਭ ਕੁਝ ਤਿਆਰ ਹੈ ਅਤੇ ਵਿਆਹ ਨਾਲ ਸਬੰਧਤ ਰਸਮਾਂ 10 ਮਈ ਨੂੰ ਸ਼ੁਰੂ ਹੋਣ ਵਾਲੀਆਂ ਹਨ, ਪਰ ਮੌਜੂਦਾ ਹਾਲਾਤ ਕਰਕੇ ਅਸੀਂ ਘਬਰਾਏ ਹੋਏ ਹਾਂ।’’ ਉਨ੍ਹਾਂ ਅੱਗੇ ਕਿਹਾ ਕਿ ਖੇਤਰ ਵਿਚ ਬਲੈਕਆਊਟ ਡਰਿੱਲ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ, ਜਿਸ ਨਾਲ ਘਬਰਾਹਟ ਹੋਰ ਵਧ ਗਈ ਹੈ। ਗੁਰਿੰਦਰ ਨੇ ਕਿਹਾ ਕਿ ਬੁੱਧਵਾਰ ਨੂੰ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਸਥਿਤੀ ਹੋਰ ਗੰਭੀਰ ਹੋ ਗਈ। ਸਰਹੱਦੀ ਜ਼ਿਲ੍ਹਿਆਂ ਦੇ ਸਕੂਲਾਂ ਨੂੰ ਇਹਤਿਆਤੀ ਉਪਰਾਲੇ ਵਜੋਂ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਇਲਾਕੇ ਦੇ ਇਕ ਮਸ਼ਹੂਰ ਪੈਲੇਸ ਦੇ ਮਾਲਕ ਨੇ ਦੱਸਿਆ ਕਿ ਮਈ ਮਹੀਨੇ ਵਿਚ ਆਮ ਤੌਰ ’ਤੇ ਵਿਆਹ ਘੱਟ ਹੁੰਦੇ ਹਨ, ਪਰ ਜਿਨ੍ਹਾਂ ਦੇ ਘਰਾਂ ਵਿਚ ਸਮਾਗਮ ਹੈ ਉਹ ਯਕੀਨੀ ਤੌਰ ’ਤੇ ਚਿੰਤਤ ਹਨ। ਉਨ੍ਹਾਂ ਕਿਹਾ, ‘‘ਵਧਦੀ ਚਿੰਤਾ ਦੇ ਬਾਵਜੂਦ ਅਧਿਕਾਰੀਆਂ ਨੇ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ ਤੇ ਇਹ ਭਰੋਸਾ ਦਿੱਤਾ ਹੈ ਕਿ ਘਬਰਾਉਣ ਦੀ ਕੋਈ ਲੋੜ ਨਹੀਂ।’’

