ਕਿਸਾਨ ਦੀ ਮੌਤ ਦੇ ਸੋਗ ਵਜੋਂ ਮੁਕੰਮਲ ਬੰਦ ਰਹੇ ਲੌਂਗੋਵਾਲ ਦੇ ਬਾਜ਼ਾਰ
ਗੁਰਦੀਪ ਸਿੰਘ ਲਾਲੀ/ਜਗਤਾਰ ਸਿੰਘ ਨਹਿਲ
ਸੰਗਰੂਰ/ਲੌਂਗੋਵਾਲ, 22 ਅਗਸਤ
ਲੌਂਗੋਵਾਲ ’ਚ ਕਿਸਾਨਾਂ ਉਪਰ ਪੁਲੀਸ ਲਾਠੀਚਾਰਜ ਦੌਰਾਨ ਟਰਾਲੀ ਹੇਠਾਂ ਆਉਣ ਕਾਰਨ ਪਿੰਡ ਮੰਡੇਰ ਕਲਾਂ ਦੇ ਕਿਸਾਨ ਪ੍ਰੀਤਮ ਸਿੰਘ ਦੀ ਮੌਤ ਹੋਣ ਤੋਂ ਬਾਅਦ ਅੱਜ ਕਸਬਾ ਲੌਂਗੋਵਾਲ ਦੇ ਸਮੁੱਚੇ ਬਾਜ਼ਾਰ ਸੋਗ ਵਜੋਂ ਮੁਕੰਮਲ ਬੰਦ ਰਹੇ। ਉਧਰ ਕਿਸਾਨ ਪ੍ਰੀਤਮ ਸਿੰਘ ਨੂੰ ਜਿੱਥੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਸ਼ਹੀਦ ਦਾ ਦਰਜਾ ਦਿੱਤਾ ਗਿਆ ਹੈ, ਉਥੇ ਪਿੰਡ ਮੰਡੇਰ ਕਲਾਂ ’ਚ ਪੀੜਤ ਕਿਸਾਨ ਪਰਿਵਾਰ ਦਾ ਕਹਿਣਾ ਹੈ ਕਿ ਪ੍ਰੀਤਮ ਸਿੰਘ ਕਿਸਾਨੀ ਸੰਘਰਸ਼ ਨੂੰ ਸਮਰਪਿਤ ਸੀ ਅਤੇ ਕਿਸਾਨੀ ਲਈ ਹੀ ਸ਼ਹੀਦ ਹੋਇਆ ਹੈ।
ਸ਼ਹੀਦ ਕਿਸਾਨ ਦੀ ਪਤਨੀ ਮਨਜੀਤ ਕੌਰ ਦਾ ਕਹਿਣਾ ਹੈ ਕਿ ਕਿਸਾਨ ਪ੍ਰੀਤਮ ਸਿੰਘ ਕਿਸਾਨੀ ਨੂੰ ਸਮਰਪਿਤ ਸੀ ਅਤੇ ਪਿਛਲੇ ਲੰਮੇ ਸਮੇਂ ਤੋਂ ਕਿਸਾਨੀ ਸੰਘਰਸ਼ ਨਾਲ ਜੁੜਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਵਿੱਚ ਚੱਲੇ ਕਿਸਾਨ ਅੰਦੋਲਨ ਦੌਰਾਨ ਪ੍ਰੀਤਮ ਸਿੰਘ ਸਾਲ ਭਰ ਦਿੱਲੀ ਮੋਰਚੇ ਵਿੱਚ ਹੀ ਰਿਹਾ ਸੀ। ਜ਼ਰੂਰੀ ਰੁਝੇਵਿਆਂ ਕਾਰਨ ਕੁੱਝ ਦਿਨਾਂ ਵਾਸਤੇ ਹੀ ਦਿੱਲੀ ਤੋਂ ਪਿੰਡ ਆਇਆ ਸੀ। ਉਨ੍ਹਾਂ ਦੱਸਿਆ ਕਿ ਜਿੱਥੇ ਕਿਤੇ ਵੀ ਕਿਸਾਨੀ ਮੰਗਾਂ ਲਈ ਰੋਸ ਧਰਨਾ ਜਾਂ ਮੋਰਚਾ ਲੱਗਦਾ ਸੀ, ਕਿਸਾਨ ਪ੍ਰੀਤਮ ਸਿੰਘ ਲੰਗਰ ਵਾਸਤੇ ਪਿੰਡ ਵਿੱਚੋਂ ਦੁੱਧ ਇਕੱਠਾ ਕਰ ਕੇ ਲੈ ਜਾਂਦਾ ਸੀ। ਕਿਸਾਨ ਪ੍ਰੀਤਮ ਸਿੰੰਘ ਦੀ ਪਤਨੀ ਮਨਜੀਤ ਕੌਰ ਦਾ ਕਹਿਣਾ ਹੈ ਕਿ ਉਸ ਦਾ ਪਤੀ ਕਿਸਾਨੀ ਲਈ ਸ਼ਹੀਦ ਹੋਇਆ ਹੈ। ਸਰਕਾਰ ਉਨ੍ਹਾਂ ਦੇ ਪਰਿਵਾਰ ਦੀ ਮਦਦ ਕਰੇ ਅਤੇ ਉਨ੍ਹਾਂ ਦੇ ਪੁੱਤਰ ਨੂੰ ਸਰਕਾਰੀ ਨੌਕਰੀ ਦੇਵੇ ਤਾਂ ਜੋ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਸਕਣ। ਕਿਸਾਨ ਦੀ ਮ੍ਰਿਤਕ ਦੇਹ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਪਈ ਹੈ। ਭਾਕਿਯੂ ਏਕਤਾ ਆਜ਼ਾਦ ਦੀ ਅਗਵਾਈ ਹੇਠ ਪੁਲੀਸ ਥਾਣਾ ਲੌਂਗੋਵਾਲ ਅੱਗੇ ਸ਼ੁਰੂ ਕੀਤੇ ਪੱਕੇ ਮੋਰਚੇ ਦੀ ਪਿੱਠ ’ਤੇ ਸੰਯੁਕਤ ਕਿਸਾਨ ਮੋਰਚਾ ਵੀ ਆ ਗਿਆ ਹੈ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦਾ ਕਹਿਣਾ ਹੈ ਕਿ ਮੋਰਚੇ ਦੀ ਅਗਵਾਈ ਕਰ ਰਹੀ ਭਾਕਿਯੂ ਏਕਤਾ ਆਜ਼ਾਦ ਵੱਲੋਂ ਸ਼ਹੀਦ ਕਿਸਾਨ ਦੇ ਪਰਿਵਾਰ ਲਈ ਮੁਆਵਜ਼ਾ, ਨੌਕਰੀ ਜਾਂ ਹੋਰ ਮੰਗਾਂ ਬਾਰੇ ਫੈਸਲਾ ਲਿਆ ਜਾਣਾ ਹੈ ਅਤੇ ਸੰਯੁਕਤ ਕਿਸਾਨ ਮੋਰਚਾ ਉਸ ਦੀ ਹਮਾਇਤ ਕਰੇਗਾ।