ਹੈਲਪਲਾਈਨ ਨੰਬਰ 112 ਨਾਲ ਜੁੜੀਆਂ ਕਈ ਐਮਰਜੈਂਸੀ ਸਹੂਲਤਾਂ
ਆਤਿਸ਼ ਗੁਪਤਾ
ਪੰਜਾਬ ਪੁਲੀਸ ਨੇ ਸਾਈਬਰ ਕ੍ਰਾਈਮ ਹੈਲਪਲਾਈਨ ਨੰਬਰ 1930 ਅਤੇ ਭਾਰਤੀ ਕੌਮੀ ਰਾਜਮਾਰਗ ਅਥਾਰਟੀ (ਐੱਨਐੱਚਏਆਈ) ਨਾਲ ਸਬੰਧਤ ਹਾਈਵੇਅ ਹੈਲਪਲਾਈਨ ਨੰਬਰ 1033 ਨੂੰ ਐਮਰਜੈਂਸੀ ਹੈਲਪਲਾਈਨ ਨੰਬਰ 112 ਦੇ ਨਾਲ ਜੋੜ ਦਿੱਤਾ ਹੈ। ਜਿਸ ਨਾਲ ਹੁਣ ਪੰਜਾਬ ਵਿੱਚ ਸਾਈਬਰ ਅਪਰਾਧ ਅਤੇ ਹਾਈਵੇ ਐਮਰਜੈਂਸੀ ਦੀ ਸ਼ਿਕਾਇਤ ਐਮਰਜੈਂਸੀ ਹੈਲਪਲਾਈਨ ਨੰਬਰ 112 ’ਤੇ ਕੀਤੀ ਜਾ ਸਕੇਗੀ।
ਪੰਜਾਬ ਵਿੱਚ ਪਹਿਲਾਂ ਨਾਗਰਿਕਾਂ ਨੂੰ ਧੋਖਾਧੜੀ ਜਾਂ ਸੜਕ ਹਾਦਸੇ ਦੀ ਰਿਪੋਰਟ ਕਰਨ ਲਈ ਖਾਸ ਹੈਲਪਲਾਈਨ ਨੰਬਰਾਂ ’ਤੇ ਕਾਲ ਕਰਨੀ ਪੈਂਦੀ ਸੀ, ਜਦੋਂ ਕਿ ਸਾਈਬਰ ਅਪਰਾਧ ਅਤੇ ਨੈਸ਼ਨਲ ਹਾਈਵੇਅ ਨਾਲ ਸਬੰਧਤ ਸ਼ਿਕਾਇਤਾਂ ਲਈ ਵੱਖਰੇ ਹੈਲਪਲਾਈਨ ਨੰਬਰ ’ਤੇ ਫੋਨ ਕਰਨੇ ਪੈਂਦੇ ਸੀ। ਇਸ ਤਰ੍ਹਾਂ ਲੋਕਾਂ ਨੂੰ ਵੱਖ-ਵੱਖ ਹੈਲਪਲਾਈਨ ਨੰਬਰ ਯਾਦ ਰੱਖਣਾ ਔਖਾ ਸੀ। ਹੁਣ ਐਮਰਜੈਂਸੀ ਹੈਲਪਲਾਈਨ ਨੰਬਰ 112 ਦੀ ਵਰਤੋਂ ਕਰਕੇ ਲੋਕ ਸਮਾਂ ਰਹਿੰਦੇ ਪੁਲੀਸ ਦੀ ਮਦਦ ਹਾਸਲ ਕਰ ਸਕਣਗੇ। ਪੰਜਾਬ ਦੇ ਸਪੈਸ਼ਲ ਡੀਜੀਪੀ ਕਾਨੂੰਨ ਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਕਿਹਾ ਕਿ ਹੁਣ ਲੋਕ ਹਾਈਵੇਅ ’ਤੇ ਕਿਸੇ ਮੁਸੀਬਤ ਵਿੱਚ ਫਸੇ ਹੋਏ ਹੋਣ ਜਾਂ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋਣ ਉਹ ਸਿਰਫ਼ 112 ’ਤੇ ਇੱਕ ਕਾਲ ਕਰਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ।
ਸ੍ਰੀ ਸ਼ੁਕਲਾ ਨੇ ਕਿਹਾ ਕਿ ਪੰਜਾਬ ਦੇ ਲੋਕ ਐਮਰਜੈਂਸੀ ਹੈਲਪਲਾਈਨ ਨੰਬਰ 112 ਰਾਹੀਂ ਪੁਲੀਸ, ਫਾਇਰ, ਐਂਬੂਲੈਂਸ, ਆਫ਼ਤ, ਹਾਈਵੇਅ ਸੁਰੱਖਿਆ ਅਤੇ ਸਾਈਬਰ ਅਪਰਾਧ ਸਬੰਧੀ ਸ਼ਿਕਾਇਤਾਂ ਇੱਕੋ ਥਾਂ ’ਤੇ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸ਼ਿਕਾਇਤਾਂ ਆਉਣ ’ਤੇ ਉਨ੍ਹਾਂ ਦੀ ਸਹੁਲਤ ਲਈ ਪੰਜਾਬ ਭਰ ਵਿੱਚ 257 ਐਮਰਜੈਂਸੀ ਰਿਸਪਾਂਸ ਵਾਹਨ (ਈਆਰਵੀ) ਅਤੇ 144 ਸੜਕ ਸੁਰਖਿਆ ਫੋਰਸ (ਐੱਸਐੱਸਐੱਫ) ਵਾਹਨਾਂ ਨੂੰ ਤਾਇਨਤ ਕੀਤਾ ਗਿਆ ਹੈ।