ਮਾਨਸਾ ਦਾ ‘ਅਗਨੀਵੀਰ’ ਜੰਮੂ ਕਸ਼ਮੀਰ ਵਿਚ ਹੋਇਆ ਸ਼ਹੀਦ
ਜੋਗਿੰਦਰ ਸਿੰਘ ਮਾਨ
ਮਾਨਸਾ, 23 ਜਨਵਰੀ
ਮਾਨਸਾ ਜ਼ਿਲ੍ਹੇ ਦੇ ਪਿੰਡ ਅਕਲੀਆ ਦਾ ਨੌਜਵਾਨ ਅਗਨੀਵੀਰ ਲਵਪ੍ਰੀਤ ਸਿੰਘ (24) ਡਿਊਟੀ ਦੌਰਾਨ ਸ਼ਹੀਦ ਹੋ ਗਿਆ ਹੈ। ਇਹ ਨੌਜਵਾਨ ਦੋ ਸਾਲ ਪਹਿਲਾਂ ਹੀ ਫੌਜ ਵਿੱਚ ਭਰਤੀ ਹੋਇਆ ਸੀ ਅਤੇ ਹੁਣ ਜੰਮੂ ਕਸ਼ਮੀਰ ਦੇ ਜ਼ਿਲ੍ਹਾ ਕੁਪਵਾੜਾ ਵਿਚ ਰਾਸ਼ਟਰੀ ਰਾਈਫ਼ਲਜ਼ ਵਿੱਚ ਡਿਊਟੀ ਕਰ ਰਿਹਾ ਸੀ। ਜਾਣਕਾਰੀ ਅਨੁਸਾਰ ਕੁੱਪਵਾੜਾ ਵਿੱਚ ਦਹਿਸ਼ਤਗਰਦਾਂ ਨਾਲ ਮੁਕਾਬਲੇ ਦੌਰਾਨ ਸਿਰ ’ਤੇ ਗੋਲੀ ਲੱਗਣ ਕਾਰਨ ਲਵਪ੍ਰੀਤ ਸ਼ਹੀਦ ਹੋ ਗਿਆ ਹੈ। ਉਹ ਦੋ ਭਰਾਵਾਂ ’ਚੋਂ ਸਭ ਤੋਂ ਛੋਟਾ ਸੀ ਅਤੇ ਕੁਆਰਾ ਸੀ। ਸ਼ਹੀਦ ਲਵਪ੍ਰੀਤ ਸਿੰਘ ਦਾ ਅੰਤਿਮ ਸੰਸਕਾਰ ਭਲਕੇ ਸ਼ੁੱਕਰਵਾਰ ਨੂੰ ਪਿੰਡ ਅਕਲੀਆ ਵਿਖੇ ਹੋਣ ਦੀ ਸੰਭਾਵਨਾ ਹੈ। ਉਸ ਦੀ ਮ੍ਰਿਤਕ ਦੇਹ ਸ਼ੁੱਕਰਵਾਰ ਨੂੰ ਹੀ ਪਿੰਡ ਆਉਣ ਦੀ ਉਮੀਦ ਹੈ।
ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਪਰਿਵਾਰ ਨਾਲ ਹਮਦਰਦੀ ਜਤਾਈ ਹੈ। ਉਨ੍ਹਾਂ ਕਿਹਾ, ‘‘ਬਹਾਦਰ ਜਵਾਨ ਦੇ ਦੇਸ਼ ਪ੍ਰਤੀ ਹੌਸਲੇ ਤੇ ਸਿਦਕ ਨੂੰ ਦਿਲੋਂ ਸਲਾਮ, ਔਖੇ ਸਮੇਂ ਪੰਜਾਬ ਸਰਕਾਰ ਪਰਿਵਾਰ ਦੇ ਨਾਲ ਹੈ ਅਤੇ ਵਾਅਦੇ ਮੁਤਾਬਕ ਹਰ ਸੰਭਵ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਡੇ ਲਈ ਸਾਡੇ ਜਵਾਨ, ਸਾਡਾ ਮਾਣ ਨੇ, ਭਾਵੇਂ ਉਹ ਅਗਨੀਵੀਰ ਹੀ ਕਿਉਂ ਨਾ ਹੋਣ।’’
ਲਵਪ੍ਰੀਤ ਸਿੰਘ ਮੀਡੀਅਮ ਰੈਜੀਮੈਂਟ ਯੂਨਿਟ ਵਿੱਚ ਤਾਇਨਾਤ ਸੀ ਅਤੇ ਦੋ ਸਾਲ ਪਹਿਲਾਂ ਹੀ ਫੌਜ ਵਿੱਚ ਭਰਤੀ ਹੋਇਆ ਸੀ। ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਦੋ ਦਿਨ ਪਹਿਲਾਂ ਹੀ ਲਵਪ੍ਰੀਤ ਸਿੰਘ ਨੇ ਆਪਣੇ ਮਾਤਾ-ਪਿਤਾ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਅਗਲੇ ਦਿਨਾਂ ਵਿਚ ਛੁੱਟੀ ਆਉਣ ਬਾਰੇ ਜਾਣਕਾਰੀ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਬੀਤੀ ਕੱਲ੍ਹ ਦੁਪਹਿਰ 3 ਵਜੇ ਕੁੱਪਵਾੜਾ ਵਿੱਚ ਅਤਿਵਾਦੀਆਂ ਨਾਲ ਮੁਕਾਬਲੇ ਦੌਰਾਨ ਲਵਪ੍ਰੀਤ ਸਿੰਘ ਦੇ ਗੋਲੀ ਲੱਗ ਗਈ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਸ਼ਹੀਦ ਐਲਾਨ ਦਿੱਤਾ ਗਿਆ। ਲਵਪ੍ਰੀਤ ਸਿੰਘ ਦੇ ਸ਼ਹੀਦ ਹੋਣ ਦੀ ਸੂਚਨਾ ਮਿਲਣ ’ਤੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਪਿੰਡ ਦੇ ਸਰਪੰਚ ਜਸਵੀਰ ਸਿੰਘ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਅਗਨੀਵੀਰ ਯੋਜਨਾ ਤਹਿਤ ਭਰਤੀ ਹੋਏ ਨੌਜਵਾਨਾਂ ਨੂੰ ਵੀ ਦੂਜੇ ਫੌਜੀਆਂ ਵਾਂਗ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ।