ਪੁਲੀਸ ਭਰਤੀ ਦੇ ਨਿਯੁਕਤੀ ਪੱਤਰਾਂ ਲਈ ਮਾਨ ਦੀ ਕੋਠੀ ਘੇਰੀ
ਧਰਨੇ ਵਿੱਚ ਪੰਜਾਬ ਭਰ ’ਚੋਂ ਸ਼ਾਮਲ ਹੋਏ ਉਮੀਦਵਾਰ; ਪੁਲੀਸ ਵੱਲੋਂ ਡੱਕਣ ’ਤੇ ਆਵਾਜਾਈ ਰੋਕੀ
ਗੁਰਦੀਪ ਸਿੰਘ ਲਾਲੀ
ਪੰਜਾਬ ਪੁਲੀਸ ਵਿੱਚ ਮਾਰਚ-2024 ਦੌਰਾਨ ਕੱਢੀ ਸਿਪਾਹੀਆਂ ਦੀ ਭਰਤੀ ਦੇ ਹਾਲੇ ਤੱਕ ਨਿਯੁਕਤੀ ਪੱਤਰ ਨਾ ਮਿਲਣ ਤੋਂ ਖ਼ਫ਼ਾ ਪੰਜਾਬ ’ਚੋਂ ਉਮੀਦਵਾਰਾਂ ਵੱਲੋਂ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਸੜਕ ’ਤੇ ਆਵਾਜਾਈ ਠੱਪ ਕਰ ਕੇ ਸਰਕਾਰ ਖ਼ਿਲਾਫ਼ ਧਰਨਾ ਦਿੱਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ। ਧਰਨਾਕਾਰੀ ਉਮੀਦਵਾਰ ਨਿਯੁਕਤੀ ਪੱਤਰ ਜਾਰੀ ਕਰਨ ਦੀ ਤਰੀਕ ਤੈਅ ਕਰਨ ਦੀ ਮੰਗ ਕਰ ਰਹੇ ਸਨ। ਜਾਣਕਾਰੀ ਅਨੁਸਾਰ ਦੇਰ ਸ਼ਾਮ ਉਮੀਦਵਾਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪੰਜਾਬ ਪੁਲੀਸ ਭਰਤੀ-2024 ਦੇ ਉਮੀਦਵਾਰ ਅੱਜ ਸਥਾਨਕ ਵੇਰਕਾ ਮਿਲਕ ਪਲਾਂਟ ਦੇ ਪਾਰਕ ਵਿੱਚ ਇਕੱਠੇ ਹੋਏ, ਜਿਥੋਂ ਰੋਸ ਮਾਰਚ ਕਰਦੇ ਹੋਏ ਜਿਉਂ ਹੀ ਮੁੱਖ ਮੰਤਰੀ ਦੀ ਰਿਹਾਇਸ਼ ਵਾਲੀ ਕਲੋਨੀ ਦੇ ਮੁੱਖ ਗੇਟ ਨੇੜੇ ਪੁੱਜੇ ਤਾਂ ਪੁਲੀਸ ਵੱਲੋਂ ਨਾਕਾਬੰਦੀ ਕਰ ਕੇ ਉਨ੍ਹਾਂ ਨੂੰ ਰੋਕ ਲਿਆ ਅਤੇ ਅੱਗੇ ਨਹੀਂ ਵਧਣ ਦਿੱਤਾ। ਪ੍ਰਦਰਸ਼ਨਕਾਰੀ ਉਮੀਦਵਾਰਾਂ ਨੇ ਆਵਾਜਾਈ ਠੱਪ ਸੜਕ ’ਤੇ ਧਰਨਾ ਲਗਾ ਦਿੱਤਾ। ਇਸ ਮੌਕੇ ਉਮੀਦਵਾਰਾਂ ਸੂਰਜਪਾਲ ਸਿੰਘ ਚੌਧਰੀ, ਸੁਖਜੀਤ ਕੌਰ ਅਤੇ ਰੁਪਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਪੁਲੀਸ ਵਿੱਚ ਸਿਪਾਹੀ ਜ਼ਿਲ੍ਹਾ ਤੇ ਆਰਮਜ਼ ਕੇਡਰ ਭਰਤੀ ਦਾ ਇਸ਼ਤਿਹਾਰ 29 ਫਰਵਰੀ 2024 ਨੂੰ ਜਾਰੀ ਕੀਤਾ ਗਿਆ ਸੀ, ਜਿਸ ਮਗਰੋਂ 14 ਮਾਰਚ ਤੋਂ 4 ਅਪਰੈਲ 2024 ਤੱਕ ਫਾਰਮ ਭਰੇ ਗਏ। ਪਹਿਲੀ ਜੁਲਾਈ ਤੋਂ 16 ਅਗਸਤ 2024 ਤੱਕ ਲਿਖਤੀ ਪ੍ਰੀਖਿਆ ਲਈ ਗਈ। ਇਸ ਤੋਂ ਬਾਅਦ 18 ਨਵੰਬਰ 2024 ਨੂੰ ਫਾਈਨਲ ਸਕੋਰ ਕਾਰਡ ਦਿੱਤੇ ਗਏ ਅਤੇ 25 ਨਵੰਬਰ ਤੋਂ 1 ਦਸੰਬਰ 2024 ਤੱਕ ਸਰੀਰਕ ਟੈਸਟ ਲਿਆ ਗਿਆ। 29 ਜਨਵਰੀ ਤੋਂ 10 ਫਰਵਰੀ ਤੱਕ ਦਸਤਾਵੇਜ਼ਾ ਦੀ ਤਸਦੀਕ ਕੀਤੀ ਗਈ। ਨਤੀਜਾ ਜਾਰੀ ਨਾ ਹੋਣ ’ਤੇ ਮੁਜ਼ਾਹਰਾ ਕੀਤਾ ਗਿਆ, ਜਿਸ ਮਗਰੋਂ 28 ਮਈ 2025 ਨੂੰ ਨਤੀਜਾ ਆਇਆ ਪਰ ਹਾਲੇ ਤੱਕ ਨਿਯੁਕਤੀ ਪੱਤਰ ਨਹੀਂ ਦਿੱਤੇ ਗਏ। ਸਾਲ ਦੇ ਅੰਦਰ-ਅੰਦਰ ਭਰਤੀ ਪ੍ਰਕਿਰਿਆ ਮੁਕੰਮਲ ਕਰਕੇ ਨਿਯੁਕਤੀ ਪੱਤਰ ਜਾਰੀ ਹੋਣੇ ਚਾਹੀਦੇ ਸੀ ਪਰ ਦੋ ਸਾਲ ਬੀਤਣ ਵਾਲੇ ਹਨ। 1746 ਉਮੀਦਵਾਰ ਆਪਣੇ ਨਿਯੁਕਤੀ ਪੱਤਰਾਂ ਦੀ ਉਡੀਕ ਕਰ ਰਹੇ ਹਨ। ਭਰਤੀ ਉਮੀਦਵਾਰ ਪੰਜਾਬ ਦੇ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਕਈ ਵਾਰ ਮੰਗ ਪੱਤਰ ਦੇ ਚੁੱਕੇ ਹਨ ਅਤੇ ਪੰਜਾਬ ਪੁਲੀਸ ਦੇ ਦਫ਼ਤਰਾਂ ਵਿੱਚ ਗੇੜੇ ਮਾਰ ਕੇ ਖੱਜਲ-ਖੁਆਰ ਹੋ ਰਹੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਨਿਯੁਕਤੀ ਪੱਤਰ ਜਲਦ ਜਾਰੀ ਕੀਤੇ ਜਾਣ। ਦੇਰ ਸ਼ਾਮ ਤੱਕ ਭਰਤੀ ਉਮੀਦਵਾਰ ਧਰਨੇ ’ਤੇ ਡਟੇ ਹੋਏ ਸਨ। ਉਮੀਦਵਾਰਾਂ ਦੇ ਪ੍ਰਮੁੱਖ ਆਗੂ ਸੂਰਜਪਾਲ ਸਿੰਘ ਚੌਧਰੀ ਨੇ ਦੱਸਿਆ ਕਿ ਪੁਲੀਸ ਵੱਲੋਂ ਜਬਰੀ ਹਿਰਾਸਤ ਵਿੱਚ ਲੈ ਲਿਆ ਅਤੇ ਬੱਸਾਂ ਵਿੱਚ ਬਿਠਾ ਕੇ ਲੈ ਗਈ।

