ਮਾਨ ਨੇ ਸ਼ਹੀਦ-ਏ-ਆਜ਼ਮ ਵਿਰਾਸਤੀ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇੱਥੇ ‘ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਵਿਰਾਸਤੀ ਕੰਪਲੈਕਸ’ ਦਾ ਨੀਂਹ ਪੱਥਰ ਰੱਖਿਆ। ਇਸ ਮਾਣਮੱਤੇ ਪ੍ਰਾਜੈਕਟ ’ਤੇ 51 ਕਰੋੜ 70 ਲੱਖ ਰੁਪਏ ਦੀ ਲਾਗਤ ਆਵੇਗੀ। ਸ਼ਹੀਦ-ਏ-ਆਜ਼ਮ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਇਹ ਪ੍ਰਾਜੈਕਟ 9 ਮਹੀਨਿਆਂ ਵਿੱਚ ਮੁਕੰਮਲ ਹੋਵੇਗਾ, ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇਸ਼ ਦੀ ਨਿਸ਼ਕਾਮ ਸੇਵਾ ਕਰਨ ਲਈ ਪ੍ਰੇਰਨਾ ਸਰੋਤ ਬਣੇਗਾ। ਉਨ੍ਹਾਂ ਕਿਹਾ ਕਿ ਇਸ ਅਹਿਮ ਉਪਰਾਲੇ ਦਾ ਉਦੇਸ਼ ਭਗਤ ਸਿੰਘ ਦੀ ਵਿਰਾਸਤ ਦੀ ਸੰਭਾਲ ਕਰਨਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰਾਜੈਕਟ ਸਿਰਫ ਇਮਾਰਤੀ ਢਾਂਚਾ ਨਹੀਂ ਹੋਵੇਗਾ, ਸਗੋਂ ਨਾ-ਭੁੱਲਣਯੋਗ ਅਹਿਸਾਸ ਹੋਵੇਗਾ ਜਿੱਥੇ ਸ਼ਹੀਦ ਭਗਤ ਸਿੰਘ ਦੀ ਮਾਤ ਭੂਮੀ ਖਾਤਰ ਮਰ ਮਿਟ ਜਾਣ ਵਾਲੀ ਭਾਵਨਾ, ਬੌਧਿਕ ਸੋਚ ਅਤੇ ਸਾਹਸੀ ਜਜ਼ਬੇ ਦੀ ਝਲਕ ਦੇਖਣ ਨੂੰ ਮਿਲੇਗੀ। ਉਨ੍ਹਾਂ ਦੱਸਿਆ ਕਿ ਨਵੇਂ ਬਣਨ ਵਾਲੇ ਵਿਰਸਾਤੀ ਕੰਪਲੈਕਸ ਵਿੱਚ ਥੀਮੈਟਿਕ ਗੇਟ ਹੋਵੇਗਾ, ਜੋ ਮਹਾਨ ਵਿਰਾਸਤ ਦੀ ਝਲਕ ਪੇਸ਼ ਕਰੇਗਾ। 350 ਮੀਟਰ ਲੰਮਾ ਵਿਰਾਸਤੀ ਲਾਂਘਾ ਵੀ ਇਸ ਪ੍ਰਾਜੈਕਟ ਦਾ ਅਹਿਮ ਹਿੱਸਾ ਹੋਵੇਗਾ। ਇਹ ਵਿਰਾਸਤੀ ਲਾਂਘਾ ਸ਼ਹੀਦ ਭਗਤ ਸਿੰਘ ਅਜਾਇਬ ਘਰ ਨੂੰ ਸ਼ਹੀਦ ਭਗਤ ਸਿੰਘ ਦੇ ਪੁਰਖਿਆਂ ਦੇ ਘਰ ਨਾਲ ਜੋੜੇਗਾ, ਜਿਸ ਵਿੱਚ ਸ਼ਹੀਦ ਭਗਤ ਸਿੰਘ ਦਾ ਜੀਵਨ ਸਫਰ ਅਤੇ ਭਾਰਤ ਦੇ ਆਜ਼ਾਦੀ ਸੰਘਰਸ਼ ਦੀ ਕਹਾਣੀ ਬੁੱਤਾਂ, 2ਡੀ/3ਡੀ ਕੰਧ ਚਿੱਤਰਾਂ, ਪੁਤਲਿਆਂ ਰਾਹੀਂ ਦਰਸਾਈ ਜਾਵੇਗੀ।
ਮਾਨ ਨੇ ਕਿਹਾ ਕਿ 30 ਮੀਟਰ ਉੱਚਾ ਭਾਰਤੀ ਝੰਡਾ ਮੁਲਕ ਦੀ ਆਜ਼ਾਦੀ ਲਈ ਦੇਸ਼ ਭਗਤਾਂ ਦੀਆਂ ਮਹਾਨ ਕੁਰਬਾਨੀਆਂ ਦੀ ਯਾਦ ਦਿਵਾਉਂਦਾ ਰਹੇਗਾ। 700 ਸੀਟਾਂ ਦੀ ਸਮਰੱਥਾ ਵਾਲੇ ਆਡੀਟੋਰੀਅਮ ਵਿੱਚ ਸੱਭਿਆਚਾਰਕ ਪ੍ਰੋਗਰਾਮ ਅਤੇ ਸੈਮੀਨਾਰਾਂ ਸਮੇਤ ਹੋਰ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਇਸ ਮੌਕੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਅਤੇ ਹੋਰ ਆਗੂ ਵੀ ਹਾਜ਼ਰ ਸਨ।