DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਾਨ ਵੱਲੋਂ ‘ਪੰਜਾਬ ਜਲ ਯੋਜਨਾ’ ਨੂੰ ਹਰੀ ਝੰਡੀ

14 ਨੁਕਾਤੀ ਐਕਸ਼ਨ ਪਲਾਨ ਤਿਆਰ ;ਪੰਜਾਬ ਦੇ ਪਾਣੀ ਨੂੰ ਬਚਾਉਣ ਦੀ ਨਵੀਂ ਕੋਸ਼ਿਸ਼
  • fb
  • twitter
  • whatsapp
  • whatsapp
Advertisement

ਚੰਡੀਗੜ੍ਹ (ਚਰਨਜੀਤ ਭੁੱਲਰ): ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਪਾਣੀ ਦੀ ਬੂੰਦ-ਬੂੰਦ ਬਚਾਉਣ ਲਈ ਅੱਜ ‘ਪੰਜਾਬ ਜਲ ਯੋਜਨਾ’ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਯੋਜਨਾ 14 ਨੁਕਾਤੀ ਐਕਸ਼ਨ ਪਲਾਨ ’ਤੇ ਅਧਾਰਿਤ ਹੈ। ਮੁੱਖ ਮੰਤਰੀ ਨੇ ਸਾਂਝੀ ਸੂਬਾਈ ਜਲ ਯੋਜਨਾ ਬਾਰੇ ਮੀਟਿੰਗ ’ਚ ਇਸ ਨਵੀਂ ਯੋਜਨਾ ਦੇ ਤਕਨੀਕੀ ਪਹਿਲੂਆਂ ’ਤੇ ਚਰਚਾ ਕੀਤੀ। ਯੋਜਨਾ ਦਾ ਮੁੱਖ ਮਕਸਦ ਜ਼ਮੀਨੀ ਪਾਣੀ ਬਚਾਉਣਾ, ਨਹਿਰੀ ਪਾਣੀ ਦੀ ਵਰਤੋਂ ਵਧਾਉਣਾ ਅਤੇ ਪਾਣੀ ਦੇ ਭੰਡਾਰਨ ਲਈ ਯੋਗ ਪ੍ਰਬੰਧ ਕਰਨਾ ਹੈ।

ਮੁੱਖ ਮੰਤਰੀ ਨੇ ਜ਼ਮੀਨੀ ਪਾਣੀ ਦੇ ਪੱਧਰ ’ਚ ਸਾਲਾਨਾ ਔਸਤਨ 0.7 ਮੀਟਰ ਦੀ ਗਿਰਾਵਟ ’ਤੇ ਫ਼ਿਕਰ ਜ਼ਾਹਿਰ ਕਰਦਿਆਂ ਕਿਹਾ ਕਿ ਸਿੰਜਾਈ ਤਕਨੀਕਾਂ ਵਿੱਚ ਸੁਧਾਰ ਸਮੇਂ ਦੀ ਲੋੜ ਹੈ ਅਤੇ ਮਸਨੂਈ ਤੌਰ ਉੱਤੇ ਧਰਤੀ ਹੇਠ ਪਾਣੀ ਜੀਰਣ ਵਿੱਚ ਵਾਧੇ ਰਾਹੀਂ ਇਸ ਮੰਤਵ ਦੀ ਪੂਰਤੀ ਕੀਤੀ ਜਾ ਸਕਦੀ ਹੈ। ਮੀਟਿੰਗ ’ਚ ਬੰਦ ਪਏ 63 ਹਜ਼ਾਰ ਕਿਲੋਮੀਟਰ ਰਜਵਾਹਿਆਂ ਅਤੇ 79 ਨਹਿਰਾਂ ਦੀ ਸੁਰਜੀਤੀ ਵੀ ਚਰਚਾ ਦਾ ਹਿੱਸਾ ਰਹੀ।

Advertisement

ਨਵੀਂ ਯੋਜਨਾ ਤਹਿਤ ਕਰੀਬ 15,79,379 ਹੈਕਟੇਅਰ ਰਕਬੇ ਨੂੰ ਸਿੰਜਾਈ ਦੀਆਂ ਨਵੀਆਂ ਪਾਣੀ ਬਚਾਉਣ ਵਾਲੀਆਂ ਤਕਨੀਕਾਂ ਤੁਪਕਾ ਸਿੰਜਾਈ, ਸਪਰਿੰਕਲਰ ਸਿੰਜਾਈ ਅਤੇ ਹੋਰ ਮੰਤਵਾਂ ਅਧੀਨ ਲਿਆਉਣ ਦਾ ਟੀਚਾ ਹੈ। ਜਲ ਯੋਜਨਾ ਤਹਿਤ ਵਾਧੂ ਨਹਿਰੀ ਪਾਣੀ ਨੂੰ ਰਜਵਾਹਿਆਂ ਅਤੇ ਨਹਿਰਾਂ ਲਾਗਲੇ ਛੱਪੜਾਂ ਵਿੱਚ ਪਾਏ ਜਾਣ ਦੀ ਯੋਜਨਾ ਹੈ ਅਤੇ ਇਨ੍ਹਾਂ ਛੱਪੜਾਂ ਦਾ ਪਾਣੀ ਲਿਫ਼ਟ ਸਿੰਜਾਈ ਪ੍ਰਣਾਲੀ ਰਾਹੀਂ ਖੇਤਾਂ ਵਿੱਚ ਲਿਜਾਇਆ ਜਾਣਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਲਈ ਚੈੱਕ ਡੈਮ ਤੇ ਨਵੇਂ ਤਲਾਬਾਂ ਦਾ ਨਿਰਮਾਣ ਕੀਤਾ ਜਾਵੇਗਾ। ਉਨ੍ਹਾਂ ਸਵੈ-ਟਿਕਾਊ ਵਾਟਰ ਈਕੋ-ਸਿਸਟਮ ਵਿਕਸਤ ਕਰਨ ਲਈ ਵਾਟਰ ਯੂਜ਼ਰ ਐਸੋਸੀਏਸ਼ਨਾਂ ਦਾ ਗਠਨ ਕਰ ਕੇ ਭਾਗੀਦਾਰੀ ਸਿੰਜਾਈ ਪ੍ਰਬੰਧਨ ਦੀ ਵਕਾਲਤ ਕੀਤੀ। ਨਹਿਰੀ ਪਾਣੀ ਉਦਯੋਗਾਂ ਨੂੰ ਵੀ ਸਪਲਾਈ ਕੀਤਾ ਜਾਣਾ ਹੈ।

ਉਨ੍ਹਾਂ ਕਿਹਾ ਕਿ ਯੋਜਨਾ ਅਨੁਸਾਰ ਪੰਜਾਬ ਨੂੰ ਵੱਖ-ਵੱਖ ਖੇਤਰਾਂ ਵਿੱਚ ਵੰਡਿਆ ਜਾਵੇਗਾ, ਜਿਸ ਨਾਲ ਪਾਣੀ ਦੇ ਪ੍ਰਵਾਹ, ਮਿੱਟੀ ਦੀ ਕਟੌਤੀ ਨੂੰ ਨਿਯਮਤ ਕਰਨ ਅਤੇ ਜ਼ਰੂਰੀ ਤੱਤਾਂ ਨੂੰ ਬਰਕਰਾਰ ਰੱਖਿਆ ਜਾ ਸਕੇਗਾ। ਜਲ-ਭੰਡਾਰ ਵਿਸ਼ੇਸ਼ਤਾਵਾਂ ਅਤੇ ਸਬੰਧਿਤ ਖ਼ੇਤਰ ਦੇ ਭੂਗੋਲ ਦੀ ਪਛਾਣ ਕਰਨ ’ਤੇ ਵੀ ਧਿਆਨ ਕੇਂਦਰਿਤ ਕੀਤਾ ਜਾਵੇਗਾ ਅਤੇ ਨਾਲ ਹੀ ਹੇਠਲੇ ਇਲਾਕਿਆਂ ਵਿੱਚ ਮੀਂਹ ਤੇ ਪਾਣੀ ਦੇ ਵਹਾਅ ਦੇ ਡੇਟਾ ਦੀ ਪਛਾਣ ਕੀਤੀ ਜਾਵੇਗੀ।

ਇਸ ਯੋਜਨਾ ਤਹਿਤ ਹੜ੍ਹ ਮਾਡਲਿੰਗ ਅਤੇ ਮੈਪਿੰਗ, ਫਲੱਡ ਪਲੇਨ ਜ਼ੋਨਿੰਗ ਅਤੇ ਜਨਤਕ ਭਾਗੀਦਾਰੀ ਲਈ ਖੋਜ ਅਤੇ ਅਧਿਐਨ ਕੀਤੇ ਜਾਣਗੇ ਅਤੇ ਨਾਲ ਹੀ ਬਾਂਸ ਦੇ ਪੌਦੇ ਲਗਾਉਣ, ਵੈਟੀਵਰ ਘਾਹ, ਸਰੋਤ ਨਿਯੰਤਰਨ, ਚੈੱਕ ਡੈਮ ਅਤੇ ਬੰਨ੍ਹ ਨਿਰਮਾਣ ਵਰਗੇ ਕੰਮ ਵੀ ਪ੍ਰਸਤਾਵਿਤ ਕੀਤੇ ਗਏ ਹਨ। ਘੱਗਰ ਦੇ ਹੜ੍ਹ ਦੇ ਪਾਣੀ ਨੂੰ ਸਟੋਰ ਕਰਨ ਅਤੇ ਘੱਗਰ ਵਿੱਚ ਉਨ੍ਹਾਂ ਚੋਕ ਪੁਆਇੰਟਾਂ/ਡਰੇਨ ਪੁਆਇੰਟਾਂ, ਜਿੱਥੋਂ ਪਾਣੀ ਦਾ ਵਹਾਅ ਜ਼ਿਆਦਾ ਆਉਂਦਾ ਹੈ, ਦੀ ਪਛਾਣ ਕਰ ਕੇ ਚੈੱਕ ਡੈਮ ਬਣਾ ਕੇ ਇਸ ਪਾਣੀ ਨੂੰ ਖੇਤੀਬਾੜੀ ਲਈ ਵਰਤਣਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਝੋਨੇ (ਪਰਮਲ) ਅਤੇ ਪਾਣੀ ਦੀ ਵੱਧ ਖਪਤ ਕਰਨ ਵਾਲੀਆਂ ਝੋਨੇ ਦੀਆਂ ਕਿਸਮਾਂ ਵਾਲੇ ਰਕਬੇ ਨੂੰ ਖੇਤੀ ਵਿਭਿੰਨਤਾ ਤਹਿਤ ਮੱਕੀ, ਕਪਾਹ, ਬਾਸਮਤੀ ਅਤੇ ਹੋਰ ਸੰਭਾਵੀ ਫ਼ਸਲਾਂ ਅਧੀਨ ਲਿਆਉਣਾ ਵੀ ਯੋਜਨਾ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਸੂਬੇ ਲਈ ਪਾਣੀ ਦੀ ਹਰੇਕ ਬੂੰਦ ਕੀਮਤੀ ਹੈ ਤੇ ਪੰਜਾਬ ਸਰਕਾਰ ਪਾਣੀ ਬਚਾਉਣ ਲਈ ਹਰੇਕ ਹਰਬਾ ਵਰਤੇਗੀ। ਮੀਟਿੰਗ ਦੌਰਾਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਹਰਦੀਪ ਸਿੰਘ ਮੁੰਡੀਆਂ ਅਤੇ ਤਰੁਨਪ੍ਰੀਤ ਸਿੰਘ ਸੌਂਦ ਤੋਂ ਇਲਾਵਾ ਮੁੱਖ ਸਕੱਤਰ ਕੇਏਪੀ ਸਿਨਹਾ ਅਤੇ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਵੀ ਹਾਜ਼ਰ ਸਨ।

Advertisement
×