ਮਨਕੀਰਤ ਔਲਖ ਤੋਂ ਫ਼ਿਰੌਤੀ ਮੰਗਣ ਵਾਲਾ ਕਾਬੂ
ਮੁਹਾਲੀ ਪੁਲੀਸ ਨੇ ਪੰਜਾਬੀ ਗਾਇਕ ਮਨਕੀਰਤ ਔਲਖ ਤੋਂ ਫ਼ਿਰੌਤੀ ਮੰਗਣ ਤੇ ਫੋਨ ’ਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਨੂੰ ਕਾਬੂ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਚੰਡੀਗੜ੍ਹ ਦੇ ਥਾਣਾ ਸਾਰੰਗਪੁਰ ਦੇ ਅਧੀਨ ਪੈਂਦੇ ਪਿੰਡ ਖੁੱਡਾ ਜੱਸੂ ਦੇ ਹਰਜਿੰਦਰ ਸਿੰਘ ਉਰਫ਼ ਰਵਿੰਦਰ ਸਿੰਘ ਵਜੋਂ ਹੋਈ ਹੈ। ਜ਼ਿਲ੍ਹਾ ਪੁਲੀਸ ਮੁਖੀ ਹਰਮਨਦੀਪ ਸਿੰਘ ਹਾਂਸ ਅਨੁਸਾਰ ਮੁਹਾਲੀ ਸਿਟੀ-ਇੱਕ ਦੇ ਡੀਐੱਸਪੀ ਪ੍ਰਿਥਵੀ ਸਿੰਘ ਚਹਿਲ ਦੀ ਅਗਵਾਈ ਹੇਠ ਥਾਣਾ ਮਟੌਰ ਦੀ ਪੁਲੀਸ ਤੇ ਸੀਆਈਏ ਸਟਾਫ ਮੁਹਾਲੀ ਦੀ ਪੁਲੀਸ ਦੀ ਸਾਂਝੀ ਕਾਰਵਾਈ ਦੌਰਾਨ ਮੁਲਜ਼ਮ ਨੂੰ ਦਿੱਲੀ ਦੇ ਹਵਾਈ ਅੱਡੇ ਤੋਂ ਕਾਬੂ ਕੀਤਾ ਗਿਆ ਹੈ।
ਪੁਲੀਸ ਅਨੁਸਾਰ ਗਾਇਕ ਔਲਖ ਨੂੰ ਧਮਕੀਆਂ ਦੇਣ ਤੇ ਫਿਰੌਤੀ ਮੰਗਣ ਦੇ ਦੋਸ਼ਾਂ ਅਧੀਨ 21 ਅਗਸਤ ਨੂੰ ਥਾਣਾ ਮਟੌਰ ’ਚ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਮੁਲਜ਼ਮ ਦੀ ਸ਼ਨਾਖ਼ਤ ਹਰਜਿੰਦਰ ਸਿੰਘ ਉਰਫ ਰਵਿੰਦਰ ਸਿੰਘ ਵਾਸੀ ਖੁੱਡਾ ਜੱਸੂ ਵਜੋਂ ਹੋਈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਕਾਫ਼ੀ ਸਮੇਂ ਤੋਂ ਇਟਲੀ ਰਹਿੰਦਾ ਸੀ। ਉਹ ਹੁਣ ਪਿਛਲੇ ਮਹੀਨੇ ਤੋਂ ਆਪਣੇ ਪਿੰਡ ਆਇਆ ਹੋਇਆ ਸੀ। ਇਸ ਦੌਰਾਨ ਹੀ ਮੁਲਜ਼ਮ ਨੇ ਗਾਇਕ ਮਨਕੀਰਤ ਔਲਖ ਨੂੰ ਪਹਿਲਾਂ ਫੋਨ ’ਤੇ ਕਾਲ ਕਰ ਕੇ ਅਤੇ ਫਿਰ ਮੈਸੇਜ ਭੇਜ ਕੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਪੁਲੀਸ ਅਨੁਸਾਰ ਇਹ ਵਿਅਕਤੀ ਹੁਣ ਫੇਰ ਵਿਦੇਸ਼ ਭੱਜਣ ਦੀ ਕੋਸ਼ਿਸ਼ ਵਿੱਚ ਸੀ, ਉਸ ਨੂੰ ਕਾਬੂ ਕਰ ਲਿਆ ਹੈ।
ਮੁਲਜ਼ਮ ਦਾ ਤਿੰਨ ਰੋਜ਼ਾ ਰਿਮਾਂਡ ਲਿਆ: ਐੱਸਐੱਚਓ
ਥਾਣਾ ਮਟੌਰ ਦੇ ਐੱਸਐੱਚਓ ਇੰਸਪੈਕਟਰ ਅਮਨਦੀਪ ਸਿੰਘ ਕੰਬੋਜ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਉਸ ਦਾ ਤਿੰਨ ਰੋਜ਼ਾ ਪੁਲੀਸ ਰਿਮਾਂਡ ਲਿਆ ਗਿਆ ਹੈ। ਉਸ ਕੋਲੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ, ਇਸ ਵਿੱਚ ਹੋਰ ਵੀ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।