ਮਨਜਿੰਦਰ ਨੂੰ ਮਿਲਿਆ ਰਵੀ ਯਾਦਗਾਰੀ ਆਲੋਚਨਾ ਪੁਰਸਕਾਰ
ਮਨਮੋਹਨ ਸਿੰਘ ਢਿੱਲੋਂ
ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦਿੱਤਾ ਜਾਣ ਵਾਲਾ ਬਹੁ-ਵਕਾਰੀ ‘ਡਾ. ਰਵਿੰਦਰ ਰਵੀ ਯਾਦਗਾਰੀ ਅਲੋਚਨਾ ਪੁਰਸਕਾਰ’ ਇਸ ਵਾਰੀ ਪੰਜਾਬੀ ਵਿਦਵਾਨ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਮਨਜਿੰਦਰ ਸਿੰਘ ਨੂੰ ਦਿੱਤਾ ਗਿਆ। ਯੂਨੀਵਰਸਿਟੀ ਦੇ ਕਾਨਫਰੰਸ ਹਾਲ ਵਿਚ ਹੋਏ ਇਸ ਸਮਾਗਮ ਦੇ ਕਨਵੀਨਰ ਦੀਪ ਦੇਵਿੰਦਰ ਸਿੰਘ ਨੇ ਦੱਸਿਆ ਕਿ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਸੁਸ਼ੀਲ ਦੁਸਾਂਝ ਅਤੇ ਮੀਤ ਪ੍ਰਧਾਨ ਸ਼ੈਲਿੰਦਰਜੀਤ ਸਿੰਘ ਰਾਜਨ ਦੀ ਅਗਵਾਈ ਹੇਠ ਹੋਏ ਸਮਾਗਮ ਵਿਚ ਪੱਤਰਕਾਰ ਅਤੇ ਕਾਲਮਨਵੀਸ ਸਤਨਾਮ ਸਿੰਘ ਮਾਣਕ, ਡਾ. ਲਖਵਿੰਦਰ ਸਿੰਘ ਜੌਹਲ ਅਤੇ ਡਾ. ਮਨਮੋਹਨ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।
ਸਮਾਗਮ ਵਿੱਚ ਸਤਨਾਮ ਸਿੰਘ ਮਾਣਕ ਨੇ ਕਿਹਾ ਕਿ ਡਾ. ਮਨਜਿੰਦਰ ਸਿੰਘ ਕੋਲ ਭਾਸ਼ਾ ਵਿਗਿਆਨ ਦੀ ਗਹਿਰੀ ਸਮਝ ਹੈ। ਡਾ. ਲਖਵਿੰਦਰ ਸਿੰਘ ਜੌਹਲ ਨੇ ਕੇਂਦਰੀ ਸਭਾ ਦੀ ਸਰਾਹਨਾ ਕਰਦਿਆਂ ਕਿਹਾ ਕਿ ਡਾ. ਰਵਿੰਦਰ ਰਵੀ ਅਲੋਚਨਾ ਪੁਰਸਕਾਰ ਲਈ ਡਾ. ਮਨਜਿੰਦਰ ਸਿੰਘ ਦੀ ਚੋਣ ਸ਼ਲਾਘਾਯੋਗ ਉੱਦਮ ਹੈ। ਡਾ. ਮਨਮੋਹਨ ਸਿੰਘ ਨੂੰ ਵਧਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਅਜਿਹੇ ਮਾਣ ਸਨਮਾਨ ਹੋਰ ਜ਼ਿੰਮੇਵਾਰੀਆਂ ਦਾ ਅਹਿਦ ਵੀ ਕਰਵਾਉਂਦੇ ਹਨ। ਇਸ ਮੌਕੇ ਡਾ ਬਲਜੀਤ ਕੌਰ ਰਿਆੜ, ਡਾ. ਮੇਘਾ ਸਲਵਾਨ, ਡਾ. ਹਰਿੰਦਰ ਸੋਹਲ, ਬਲਵਿੰਦਰ ਸੰਧੂ, ਗੁਰਮੀਤ ਬਾਜਵਾ, ਜਗਦੀਸ਼ ਸਚਦੇਵਾ, ਡਾ. ਹਰਪ੍ਰੀਤ ਰਾਣਾ ਅਤੇ ਪ੍ਰਿੰ. ਕੁਲਵੰਤ ਸਿੰਘ ਅਣਖੀ ਨੇ ਡਾ. ਮਨਜਿੰਦਰ ਸਿੰਘ ਨੂੰ ਮੁਬਾਰਕਬਾਦ ਦਿੱਤੀ ਜਦੋਂਕਿ ਸਭਾ ਦੇ ਮੀਤ ਪ੍ਰਧਾਨ ਸੈਲਿੰਦਰਜੀਤ ਸਿੰਘ ਰਾਜਨ ਨੇ ਸਭ ਦਾ ਧੰਨਵਾਦ ਕੀਤਾ।