DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੰਡੌਰ ਜ਼ਮੀਨੀ ਵਿਵਾਦ: ਸਿਹਤ ਮੰਤਰੀ ਦੀ ਕੋਠੀ ਅੱਗੇ ਪੱਕਾ ਮੋਰਚਾ ਸ਼ੁਰੂ

ਇੱਕ ਧਡ਼ੇ ਦੇ ਹੱਕ ’ਚ ਨਿੱਤਰੀ ਕਿਸਾਨ ਯੂਨੀਅਨ ਡਕੌਂਦਾ; ਬੋਲੀਕਾਰਾਂ ਨੂੰ ਜ਼ਮੀਨ ਦਿਵਾਉਣ ਦਾ ਕੀਤਾ ਅੈਲਾਨ
  • fb
  • twitter
  • whatsapp
  • whatsapp
featured-img featured-img
ਪਟਿਆਲਾ ’ਚ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਘਰ ਅੱਗੇ ਧਰਨੇ ’ਤੇ ਬੈਠੇ ਲੋਕ।
Advertisement

ਗੁਰਨਾਮ ਸਿੰਘ ਅਕੀਦਾ

ਪਿੰਡ ਮੰਡੌਰ ਦੀ ਸ਼ਾਮਲਾਤ ਜ਼ਮੀਨ ’ਚੋਂ ਐੱਸਸੀ ਭਾਈਚਾਰੇ ਦੀ ਹਿੱਸੇ ਦੀ 38 ਏਕੜ ਜ਼ਮੀਨ ਦੇ ਵਿਵਾਦ ਨੇ ਪਿੰਡ ਦੇ ਦਲਿਤ ਭਾਈਚਾਰੇ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਹੈ। ਇਕ ਧਿਰ ਦੇ ਹੱਕ ’ਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਮੋਰਚਾ ਖੋਲ੍ਹਿਆ ਹੋਇਆ ਹੈ ਜਦਕਿ ਦੂਜੇ ਧੜੇ ਦੇ ਹੱਕ ਵਿੱਚ ਕਿਸਾਨ ਯੂਨੀਅਨ ਡਕੌਂਦਾ ਨੇ ਮੋਰਚਾ ਖੋਲ੍ਹਾ ਦਿੱਤਾ ਹੈ, ਜਿਸ ਕਰਕੇ ਹੁਣ ਪ੍ਰਸ਼ਾਸਨ ਦੁਬਿਧਾ ’ਚ ਹੈ।

Advertisement

ਕਿਸਾਨ ਜਥੇਬੰਦੀ ਡਕੌਂਦਾ ਨੇ ਦਲਿਤਾਂ ਦੇ ਇਕ ਧੜੇ ਦੇ ਹੱਕ ਵਿੱਚ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਘਰ ਦੇ ਬਾਹਰ ਪੱਕਾ ਮੋਰਚਾ ਲਾ ਦਿੱਤਾ ਹੈ, ਜਿਸ ਕਰਕੇ ਹੁਣ ਇਹ ਦਲਿਤਾਂ ਤੇ ਜ਼ਿਮੀਂਦਾਰਾਂ ਦੇ ਆਹਮੋ-ਸਾਹਮਣੇ ਆਉਣ ਦੇ ਆਸਾਰ ਬਣ ਗਏ ਹਨ। ਡਕੌਂਦਾ ਜਥੇਬੰਦੀ ਦੇ ਜ਼ਿਲ੍ਹਾ ਪਟਿਆਲਾ ਦੇ ਜਨਰਲ ਸਕੱਤਰ ਜਗਮੇਲ ਸਿੰਘ ਨੇ ਦੱਸਿਆ ਕਿ ਪਿੰਡ ਮੰਡੌਰ ਦੇ ਐੱਸਸੀ ਭਾਈਚਾਰੇ ਦੇ ਹਿੱਸੇ ਵਿੱਚ ਆਉਂਦੀ 38 ਏਕੜ ਦੇ ਕਰੀਬ ਜ਼ਮੀਨ ਦੀ ਡੀਡੀਪੀਓ ਦੀ ਮੌਜੂਦਗੀ ਵਿੱਚ ਪਿਛਲੇ ਮਹੀਨੇ ਬੋਲੀ ਹੋਈ ਸੀ। ਬੋਲੀ ਦੌਰਾਨ ਦਲਿਤ ਭਾਈਚਾਰੇ ਦੇ ਸਤਪਾਲ ਸਿੰਘ, ਮਲਕੀਤ ਸਿੰਘ, ਅਮਰਜੀਤ ਸਿੰਘ, ਸੋਨੀ ਸਿੰਘ, ਜਸਪ੍ਰੀਤ ਸਿੰਘ, ਤਰਸੇਮ ਸਿੰਘ ਨੇ 9000 ਦੇ ਕਰੀਬ ਪ੍ਰਤੀ ਵਿਘਾ ਬੋਲੀ ’ਤੇ ਜ਼ਮੀਨ ਲੈ ਲਈ ਸੀ, ਜਿਸ ਦੀ ਪੂਰੀ ਰਾਸ਼ੀ ਵੀ ਜਮ੍ਹਾਂ ਹੋ ਚੁੱਕੀ ਹੈ। ਜਦੋਂ ਬੋਲੀਕਾਰ ਜ਼ਮੀਨ ਦਾ ਕਬਜ਼ਾ ਲੈਣ ਲਈ ਗਏ ਤਾਂ ਜ਼ਮੀਨ ’ਤੇ ਪਿਛਲੇ ਸਾਲ ਦੇ ਕਾਬਜ਼ ਕੁਝ ਵਿਅਕਤੀਆਂ ਨੇ ਬੋਲੀਕਾਰਾਂ ਦੀ ਕੁੱਟਮਾਰ ਕੀਤੀ। ਇਸ ਕਾਰਨ ਅੱਜ ਬੋਲੀਕਾਰਾਂ ਦੇ ਹੱਕ ’ਚ ਡਾ. ਬਲਬੀਰ ਸਿੰਘ ਦੇ ਘਰ ਦੇ ਬਾਹਰ ਮੋਰਚਾ ਲਾਇਆ ਗਿਆ ਹੈ। ਇਹ ਮੋਰਚਾ ਉਦੋਂ ਤੱਕ ਨਹੀਂ ਉੱਠੇਗਾ ਜਦੋਂ ਤੱਕ ਅਸਲ ਬੋਲੀਕਾਰਾਂ ਨੂੰ ਜ਼ਮੀਨ ਦਾ ਕਬਜ਼ਾ ਨਹੀਂ ਦਿਵਾਇਆ ਜਾਂਦਾ।

ਦੂਜੇ ਧੜੇ ਵਿੱਚ ਦਲਿਤਾਂ ਬਾਰੇ ਸੰਘਰਸ਼ ਕਰ ਰਹੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਗੁਰਵਿੰਦਰ ਸਿੰਘ ਨੇ ਕਿਹਾ ਕਿ ਮੰਡੌਰ ਵਿੱਚ 200 ਦੇ ਕਰੀਬ ਦਲਿਤਾਂ ਦੇ ਪਰਿਵਾਰ ਹਨ, ਜਿਨ੍ਹਾਂ ਵਿੱਚੋਂ ਸਿਰਫ਼ 6 ਪਰਿਵਾਰ ਹੀ ਜ਼ਿਮੀਂਦਾਰਾਂ ਦੇ ਹੱਕ ਵਿੱਚ ਹਨ, ਬਾਕੀ ਸਭ ਆਪਣੀ ਜ਼ਮੀਨ ਖੁਦ ਵਾਹੁਣਾ ਚਾਹੁੰਦੇ ਹਨ।

Advertisement
×