ਯੂ-ਟਿਊਬਰ ਦੇ ਘਰ ’ਤੇ ਹਮਲਾ ਕਰਨ ਵਾਲਾ ਮੁਕਾਬਲੇ ’ਚ ਜ਼ਖ਼ਮੀ
ਹਤਿੰਦਰ ਮਹਿਤਾ
ਜਲੰਧਰ, 18 ਮਾਰਚ
ਇੱਥੋਂ ਦੇ ਯੂ-ਟਿਊਬਰ ਦੇ ਘਰ ’ਤੇ ਗ੍ਰਨੇਡ ਸੁੱਟਣ ਦੇ ਮਾਮਲੇ ਵਿੱਚ ਮੁਲਜ਼ਮ ਪੁਲੀਸ ਮੁਕਾਬਲੇ ਵਿੱਚ ਜ਼ਖ਼ਮੀ ਹੋ ਗਿਆ। ਉਸ ਦੀ ਲੱਤ ’ਤੇ ਗੋਲੀ ਲੱਗੀ ਹੈ। ਪੁਲੀਸ ਨੇ ਉਸ ਨੂੰ ਯਮੁਨਾਨਗਰ ਦੇ ਪਿੰਡ ਤੋਂ ਸੋਮਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲੀਸ ਉਸ ਨੂੰ ਹਥਿਆਰ ਬਰਾਮਦ ਕਰਵਾਉਣ ਲਈ ਜਲੰਧਰ ਦੇ ਪਿੰਡ ਰਾਏਪੁਰ ਬੱਲਾਂ ਲੈ ਕੇ ਗਈ ਸੀ। ਇਸ ਦੌਰਾਨ ਮੁਲਜ਼ਮ ਨੇ ਹਥਿਆਰ ਆਪਣੇ ਹੱਥ ਵਿਚ ਲੈਂਦਿਆਂ ਪੁਲੀਸ ’ਤੇ ਗੋਲੀ ਚਲਾ ਦਿੱਤੀ। ਪੁਲੀਸ ਦੀ ਜਵਾਬੀ ਕਾਰਵਾਈ ਵਿਚ ਉਹ ਜ਼ਖ਼ਮੀ ਹੋ ਗਿਆ। ਮੁਲਜ਼ਮ ਹਾਰਦਿਕ ਕੰਬੋਜ (21) ਯਮੁਨਾਨਗਰ ਦੇ ਸ਼ਾਦੀਪੁਰ ਪਿੰਡ ਦਾ ਰਹਿਣ ਵਾਲਾ ਹੈ। ਪੁਲੀਸ ਨੂੰ ਉਸ ਕੋਲੋਂ ਹਥਿਆਰ ਅਤੇ ਗੋਲੀਆਂ ਬਰਾਮਦ ਹੋਈਆਂ ਹਨ। ਜਾਣਕਾਰੀ ਮੁਤਾਬਕ, ਜਲੰਧਰ ਦਿਹਾਤੀ ਪੁਲੀਸ ਸਵੇਰੇ ਜਲੰਧਰ ਦੇ ਰਾਏਪੁਰ ਰਸੂਲਪੁਰ ’ਚ ਯੂ-ਟਿਊਬਰ ਰੋਜਰਸੰਧੂ ਦੇ ਘਰ ’ਤੇ ਗ੍ਰਨੇਡ ਸੁੱਟਣ ਵਾਲੇ ਮੁਲਜ਼ਮ ਨੂੰ ਹਥਿਆਰ ਅਤੇ ਗ੍ਰਨੇਡ ਬਰਾਮਦ ਕਰਵਾਉਣ ਲਈ ਲੈ ਕੇ ਗਈ ਸੀ। ਐੱਸਐੱਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਸੋਮਵਾਰ ਦੇਰ ਸ਼ਾਮ ਪੁਲੀਸ ਦੀਆਂ ਟੀਮਾਂ ਨੇ ਹਾਰਦਿਕ ਨੂੰ ਯਮੁਨਾਨਗਰ ਨੇੜਿਓਂ ਗ੍ਰਿਫ਼ਤਾਰ ਕੀਤਾ ਸੀ। ਯਮੁਨਾਨਗਰ ’ਚ ਪੁੱਛ ਪੜਤਾਲ ਦੌਰਾਨ ਉਸ ਨੇ ਮੰਨਿਆ ਕਿ ਉਸ ਨੇ ਹੀ ਗ੍ਰਨੇਡ ਸੁੱਟਿਆ ਸੀ। ਅੱਜ ਸਵੇਰੇ ਜਦੋਂ ਉਸ ਨੂੰ ਹਥਿਆਰਾਂ ਦੀ ਬਰਾਮਦਗੀ ਲਈ ਲਿਆਂਦਾ ਗਿਆ ਤਾਂ ਉਸ ਨੇ ਹਥਿਆਰ ਆਪਣੇ ਹੱਥ ਵਿਚ ਲੈਂਦਿਆਂ ਪੁਲੀਸ ’ਤੇ ਗੋਲੀਆਂ ਚਲਾ ਦਿੱਤੀਆਂ ਅਤੇ ਜਵਾਬੀ ਕਾਰਵਾਈ ਵਿੱਚ ਉਹ ਜ਼ਖਮੀ ਹੋ ਗਿਆ। ਉਸ ਦੀ ਸੱਜੀ ਲੱਤ ’ਤੇ ਗੋਲੀ ਲੱਗੀ ਹੈ।
ਇਸੇ ਦੌਰਾਨ ਜਲੰਧਰ ਰੇਂਜ ਦੇ ਡੀਆਈਜੀ ਨਵੀਨ ਸਿੰਗਲਾ ਨੇ ਕਿਹਾ ਕਿ ਹਾਰਦਿਕ ਕੰਬੋਜ ਨੇ ਜ਼ੀਸ਼ਾਨ ਅਖ਼ਤਰ ਦੇ ਕਹਿਣ ’ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਉਹ ਸ਼ਹਿਜ਼ਾਦ ਭੱਟੀ ਦੇ ਕਹਿਣ ’ਤੇ ਹਾਰਦਿਕ ਕੰਬੋਜ ਦੇ ਸੰਪਰਕ ’ਚ ਆਇਆ ਸੀ। ਉਨ੍ਹਾਂ ਕਿਹਾ ਕਿ ਸ਼ਹਿਜ਼ਾਦ ਭੱਟੀ ਪਾਕਿਸਤਾਨ ਦੀ ਖ਼ੁਫੀਆ ਏਜੰਸੀ ਆਈਐੱਸਆਈ ਦੇ ਨਿਰਦੇਸ਼ਾਂ ’ਤੇ ਕੰਮ ਕਰਦਾ ਹੈ ਜੋ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਯੂ-ਟਿਊਬਰ ’ਤੇ ਸੁੱਟਿਆ ਗ੍ਰਨੇਡ ਮੁਲਜ਼ਮਾਂ ਨੂੰ ਉਨ੍ਹਾਂ ਦੇ ਤੀਜੇ ਸਾਥੀ ਨੇ ਮੁਹੱਈਆ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਹੈਪੀ ਪਾਸੀਆਂ ਦੀ ਭੂਮਿਕਾ ਦੀ ਜਾਂਚ ਚੱਲ ਰਹੀ ਹੈ। ਐੱਸਐੱਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਹਾਰਦਿਕ ਦੇ ਮੁੰਬਈ ਵਿੱਚ ਐੱਨਸੀਪੀ (ਅਜੀਤ ਧੜੇ) ਦੇ ਆਗੂ ਬਾਬਾ ਸਿੱਦੀਕੀ ਦੇ ਕਤਲ ਦੇ ਮਾਮਲੇ ਵਿੱਚ ਮੁਲਜ਼ਮ ਜ਼ੀਸ਼ਾਨ ਅਖ਼ਤਰ ਨਾਲ ਸਬੰਧ ਸਨ। ਉਸ ਨੂੰ ਜਲੰਧਰ ਵਿਚ ਗ੍ਰਨੇਡ ਸੁੱਟਣ ਲਈ 25,000 ਰੁਪਏ ਦਿੱਤੇ ਗਏ ਸਨ।
ਪੁਲੀਸ ਵੱਲੋਂ ਤਿੰਨ ਹੋਰ ਮੁਲਜ਼ਮ ਕਾਬੂ