ਅੱਠ ਸਾਲਾ ਬੱਚੀ ਨਾਲ ਜਬਰ-ਜਨਾਹ ਤੇ ਕਤਲ ਦੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ
ਆਤਿਸ਼ ਗੁਪਤਾ
ਚੰਡੀਗੜ੍ਹ, 3 ਜੂਨ
ਚੰਡੀਗੜ੍ਹ ਦੇ ਸੈਕਟਰ-43 ਸਥਿਤ ਜ਼ਿਲ੍ਹਾ ਅਦਾਲਤੀ ਕੰਪਲੈਕਸ ’ਚ ਫਾਸਟ ਟਰੈਕ ਸਪੈਸ਼ਲ ਕੋਰਟ ਨੇ ਅੱਜ ਅੱਠ ਸਾਲਾ ਬੱਚੀ ਨਾਲ ਜਬਰ-ਜਨਾਹ ਤੇ ਕਤਲ ਦੇ ਮਾਮਲੇ ਵਿੱਚ 41 ਸਾਲਾ ਹੀਰਾ ਲਾਲ ਗੁੱਡੂ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਚੰਡੀਗੜ੍ਹ ਦੇ ਥਾਣਾ ਹੱਲੋਮਾਜਰਾ ਦੀ ਪੁਲੀਸ ਨੇ 19 ਜਨਵਰੀ 2024 ਨੂੰ ਇਸ ਸਬੰਧੀ ਕੇਸ ਦਰਜ ਕੀਤਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ 19 ਜਨਵਰੀ ਨੂੰ 8 ਸਾਲਾ ਬੱਚੀ ਪਿੰਡ ਹੱਲੋਮਾਜਰਾ ਵਿੱਚ ਘਰ ਨੇੜੇ ਸਥਿਤ ਦੁਕਾਨ ਤੋਂ ਸਾਮਾਨ ਖਰੀਦਣ ਗਈ ਸੀ, ਪਰ ਉਹ ਘਰ ਵਾਪਸ ਨਹੀਂ ਆਈ। ਇਸ ਬਾਰੇ ਬੱਚੀ ਦੇ ਮਾਪਿਆਂ ਵੱਲੋਂ ਸੂਚਿਤ ਕੀਤੇ ਜਾਣ ਮਗਰੋਂ ਥਾਣਾ ਹੱਲੋਮਾਜਰਾ ਦੀ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਪੁਲੀਸ ਨੂੰ 21 ਤੇ 22 ਜਨਵਰੀ ਦੀ ਦਰਮਿਆਨੀ ਰਾਤ ਨੂੰ ਘਰ ਨੇੜੇ ਕੂੜੇ ਦੇ ਢੇਰ ਵਿੱਚੋਂ ਬੱਚੀ ਦੀ ਲਾਸ਼ ਮਿਲੀ, ਜਿਸ ’ਤੇ ਚਾਕੂ ਨਾਲ ਵਾਰ ਕੀਤੇ ਹੋਏ ਸੀ। ਪੋਸਟਮਾਰਟਮ ਰਿਪੋਰਟ ’ਚ ਬੱਚੀ ਨਾਲ ਜਬਰ-ਜਨਾਹ ਦੀ ਪੁਸ਼ਟੀ ਹੋਈ ਸੀ।ਚੰਡੀਗੜ੍ਹ ਪੁਲੀਸ ਨੇ ਉਕਤ ਮਾਮਲੇ ਸਬੰਧੀ ਜਾਂਚ ਕਰਦਿਆਂ ਬੱਚੀ ਦੀਆਂ ਚੱਪਲਾਂ ਗੁਆਂਢ ਵਿੱਚ ਸਥਿਤ ਘਰ ਵਿੱਚੋਂ ਬਰਾਮਦ ਕੀਤੀਆਂ। ਇਸ ਤੋਂ ਇੱਕ ਹਫ਼ਤੇ ਬਾਅਦ ਪੁਲੀਸ ਨੇ ਦੋਸ਼ੀ ਨੂੰ ਬਿਹਾਰ ਤੋਂ ਗ੍ਰਿਫ਼ਤਾਰ ਕੀਤਾ। ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਕਿ ਦੋਸ਼ੀ ਉੱਤਰ ਪ੍ਰਦੇਸ਼ ਦੇ ਅਯੁੱਧਿਆ ਤੋਂ ਚੰਡੀਗੜ੍ਹ ਆਇਆ ਸੀ ਅਤੇ ਪੀੜਤਾ ਦੇ ਗੁਆਂਢ ਵਿੱਚ ਰਹਿੰਦਾ ਸੀ। ਇਸ ਸਬੰਧੀ ਅਦਾਲਤ ’ਚ ਡੇਢ ਸਾਲ ਅਦਾਲਤ ਕੇਸ ਦੀ ਸੁਣਵਾਈ ਚੱਲੀ। ਇਸ ਦੌਰਾਨ ਦੋਵਾਂ ਧਿਰਾਂ ਵੱਲੋਂ ਦਲੀਲਾਂ ਦਿੱਤੀਆਂ ਗਈਆਂ ਜਿਨ੍ਹਾਂ ਨੂੰ ਸੁਣਨ ਤੋਂ ਬਾਅਦ ਅੱਜ ਅਦਾਲਤ ਨੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ।