ਛੇਹਰਟਾ ਦੀ ਹੁਕਮਚੰਦ ਕਲੋਨੀ ਵਿੱਚ ਵੀਰਵਾਰ ਰਾਤ ਨੂੰ ਮੋਟਰਸਾਈਕਲ ’ਤੇ ਆਏ ਤਿੰਨ ਨੌਜਵਾਨਾਂ ਨੇ ਧਰਮਜੀਤ ਉਰਫ਼ ਧਰਮਾ ਨਾਂ ਦੇ ਵਿਅਕਤੀ ਦੀ ਕਥਿਤ ਤੌਰ ’ਤੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਧਰਮਾ ਇਸ ਵੇਲੇ ਪੈਰੋਲ ’ਤੇ ਜੇਲ੍ਹ ਤੋਂ ਬਾਹਰ ਆਇਆ ਹੋਇਆ ਸੀ।
ਮੁੱਢਲੀ ਜਾਂਚ ਵਿੱਚ ਲੱਗ ਰਿਹਾ ਹੈ ਕਿ ਇਹ ਕਤਲ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਇਸ਼ਾਰੇ ’ਤੇ ਹੋਇਆ ਹੈ ਜੋ ਇਸ ਵੇਲੇ ਡਿਬਰੂਗੜ੍ਹ ਜੇਲ੍ਹ ਵਿੱਚ ਹੈ। ਦੂਜੇ ਪਾਸੇ ਪੁਲੀਸ ਦਾ ਕਹਿਣਾ ਹੈ ਕਿ ਫਿਲਹਾਲ ਜਾਂਚ ਜਾਰੀ ਹੈ। ਪਤਾ ਲੱਗਿਆ ਹੈ ਕਿ ਜੇਲ੍ਹ ਵਿੱਚ ਧਰਮਾ ਅਤੇ ਉਸ ਦੇ ਸਾਥੀਆਂ ਦੀ ਜੱਗੂ ਤੇ ਉਸ ਦੇ ਸਾਥੀਆਂ ਨਾਲ ਝੜਪ ਹੋਈ ਸੀ। ਇਹ ਵੈਰ-ਵਿਰੋਧ ਹੀ ਕਤਲ ਦਾ ਕਾਰਨ ਮੰਨਿਆ ਜਾ ਰਿਹਾ ਹੈ। ਸਾਲ 2012 ਵਿੱਚ ਏ.ਐੱਸ.ਆਈ. ਰਵਿੰਦਰ ਸਿੰਘ ਦੀ ਛੇਹਰਟਾ ਇਲਾਕੇ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸ ਮਾਮਲੇ ਵਿੱਚ ਅਕਾਲੀ ਨੇਤਾ ਰਣਜੀਤ ਸਿੰਘ ਰਾਣਾ ਨੂੰ ਮੁੱਖ ਦੋਸ਼ੀ ਕਰਾਰ ਦਿੱਤਾ ਗਿਆ ਸੀ। ਉਸ ਘਟਨਾ ਵੇਲੇ ਧਰਮਾ ਵੀ ਉਸ ਦੇ ਨਾਲ ਸੀ। ਇਸ ਮਾਮਲੇ ਵਿੱਚ ਦੋਵਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ। ਧਰਮਾ ਨੂੰ ਪਹਿਲਾਂ ਵੀ ਕਈ ਵਾਰ ਪੈਰੋਲ ਮਿਲ ਚੁੱਕੀ ਸੀ। ਇਸ ਵਾਰ ਉਹ 12 ਸਤੰਬਰ ਨੂੰ ਰਿਹਾਅ ਹੋਇਆ ਸੀ। ਵੀਰਵਾਰ ਰਾਤ ਨੂੰ ਜਦੋਂ ਉਹ ਆਪਣੇ ਦੋਸਤਾਂ ਨਾਲ ਆਪਣੀ ਕਾਰ ਰਾਹੀਂ ਘਰ ਪਰਤ ਰਿਹਾ ਸੀ ਤਾਂ ਉਸ ਦੇ ਘਰ ਦੇ ਨੇੜੇ ਹੀ ਹਮਲਾਵਰਾਂ ਨੇ ਉਸ ਉੱਪਰ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਵਿੱਚ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਤਨੀ ਪੱਲਵੀ ਨੇ ਦੋਸ਼ ਲਗਾਇਆ ਕਿ ਹਮਲਾਵਰਾਂ ਨੇ ਉਸ ਦੇ ਪਤੀ ਦੀ ਸਾਜ਼ਿਸ਼ ਅਧੀਨ ਹੱਤਿਆ ਕੀਤੀ ਗਈ ਹੈ। ਉਸ ਨੇ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਏ.ਸੀ.ਪੀ. ਸ਼ਿਵਦਰਸ਼ਨ ਸਿੰਘ ਅਤੇ ਛੇਹਰਟਾ ਥਾਣੇ ਦੇ ਐੱਸ.ਐੱਚ.ਓ. ਵਿਨੋਦ ਸ਼ਰਮਾ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ।