ਕਾਰੋਬਾਰੀ ਦੇ ਦਫ਼ਤਰ ’ਤੇ ਗੋਲੀਆਂ ਚਲਾਉਣ ਵਾਲਾ ਕਾਬੂ
ਸੀਆਈਏ ਸਟਾਫ਼ ਮੁਹਾਲੀ ਦੀ ਟੀਮ ਨੇ ਐਰੋਸਿਟੀ ਇਲਾਕੇ ਵਿੱਚ ਇੱਕ ਕਾਰੋਬਾਰੀ ਦੇ ਦਫ਼ਤਰ ’ਤੇ ਗੋਲੀਆਂ ਚਲਾਉਣ ਵਾਲੇ ਇੱਕ ਮੁਲਜ਼ਮ ਨਾਲ ਮੁਕਾਬਲੇ ਮਗਰੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਕਾਬਲੇ ਦੌਰਾਨ ਉਸ ਦੀ ਲੱਤ ਵਿੱਚ ਗੋਲੀ ਵੱਜੀ ਤੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਮੁਹਾਲੀ ਦੇ ਐੱਸਪੀ (ਡੀ) ਸੌਰਵ ਜਿੰਦਲ ਨੇ ਦੱਸਿਆ ਕਿ 10 ਜੁਲਾਈ ਨੂੰ ਐਰੋਸਿਟੀ ਦੇ ਕਾਰੋਬਾਰੀ ਅਸ਼ੋਕ ਗੋਇਲ ਦੇ ਦਫ਼ਤਰ ਉੱਤੇ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ। ਕਾਰੋਬਾਰੀ ਕੋਲੋਂ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਕੁਲਵੀਰ ਸਿੱਧੂ ਵੱਲੋਂ ਦੋ ਕਰੋੜ ਦੀ ਫਿਰੌਤੀ ਮੰਗੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਇਸ ਸਬੰਧੀ ਕੇਸ ਦਰਜ ਕਰਨ ਮਗਰੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸਨ।
ਉਨ੍ਹਾਂ ਦੱਸਿਆ ਕਿ ਸੀਆਈਏ ਸਟਾਫ਼ ਮੁਹਾਲੀ ਨੇ ਕੇਸ ਹੱਲ ਕਰ ਕੇ ਤਿੰਨ ਮੁਲਜ਼ਮਾਂ- ਸਚਿਨ ਕੁਮਾਰ ਵਾਸੀ ਕਰਤਾਰ ਨਗਰ ਖੰਨਾ, ਮਨਪ੍ਰੀਤ ਸਿੰਘ ਵਾਸੀ ਅਮਲੋਹ ਅਤੇ ਰਾਜਿੰਦਰ ਸਿੰਘ ਵਾਸੀ ਇਕੋਲਾਹੀ ਲੁਧਿਆਣਾ ਨੂੰ ਕਾਬੂ ਕਰ ਲਿਆ ਸੀ। ਉਨ੍ਹਾਂ ਵੱਲੋਂ ਦਿੱਤੀ ਜਾਣਕਾਰੀ ’ਤੇ ਪਤਾ ਲੱਗਾ ਕਿ ਉਨ੍ਹਾਂ ਦਾ ਚੌਥਾ ਸਾਥੀ ਗੁਰਪ੍ਰੀਤ ਸਿੰਘ ਗੋਪੀ ਵਾਸੀ ਮੰਡੀ ਗੋਬਿੰਦਗੜ੍ਹ (ਸ੍ਰੀ ਫ਼ਤਹਿਗੜ੍ਹ ਸਾਹਿਬ) ਚੱਪੜਚਿੜੀ ਇਲਾਕੇ ਵਿੱਚ ਘੁੰਮ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੀਆਈਏ ਇੰਸਪੈਕਟਰ ਹਰਮਿੰਦਰ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਤੁਰੰਤ ਮੌਕੇ ’ਤੇ ਪਹੁੰਚੀ। ਮੁਲਜ਼ਮ ਕੋਲੋਂ 32 ਬੋਰ ਦਾ ਪਿਸਤੌਲ ਅਤੇ ਸਪਲੈਂਡਰ ਮੋਟਰਸਾਈਕਲ ਮੌਕੇ ਤੋਂ ਬਰਾਮਦ ਹੋਇਆ ਹੈ। ਚਾਰਾਂ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ।
ਆਤਮ-ਸਮਰਪਣ ਦੀ ਥਾਂ ਪੁਲੀਸ ’ਤੇ ਕੀਤੀ ਫਾਇਰਿੰਗ
ਐੱਸਪੀ ਨੇ ਦੱਸਿਆ ਕਿ ਪੁਲੀਸ ਨੇ ਮੁਲਜ਼ਮ ਨੂੰ ਆਤਮ-ਸਮਰਪਣ ਕਰਨ ਦੀ ਚਿਤਾਵਨੀ ਦਿੱਤੀ ਪਰ ਉਸ ਨੇ ਅਜਿਹਾ ਕਰਨ ਦੀ ਥਾਂ ਪੁਲੀਸ ’ਤੇ ਫਾਇਰਿੰਗ ਕਰ ਦਿੱਤੀ ਜਿਸ ਦੌਰਾਨ ਦੋ ਗੋਲੀਆਂ ਸੀਆਈਏ ਸਟਾਫ਼ ਦੀ ਗੱਡੀ ਵਿੱਚ ਵੱਜੀਆਂ। ਉਨ੍ਹਾਂ ਕਿਹਾ ਕਿ ਪੁਲੀਸ ਨੇ ਹਵਾਈ ਫਾਇਰ ਕੀਤੇ ਪਰ ਮੁਲਜ਼ਮ ਨੇ ਮੋਟਰਸਾਈਕਲ ’ਤੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਹੋਰ ਫਾਇਰ ਕੀਤੇ। ਪੁਲੀਸ ਵੱਲੋਂ ਜੁਆਬੀ ਫਾਇਰਿੰਗ ਵਿੱਚ ਮੁਲਜ਼ਮ ਗੁਰਪ੍ਰੀਤ ਗੋਪੀ ਦੇ ਲੱਤ ਵਿੱਚ ਗੋਲੀ ਵੱਜੀ ਤੇ ਉਹ ਡਿੱਗ ਗਿਆ, ਜਿਸ ਮਗਰੋਂ ਪੁਲੀਸ ਨੇ ਉਸ ਨੂੰ ਕਾਬੂ ਕਰ ਕੇ ਤੁਰੰਤ ਹਸਪਤਾਲ ਪਹੁੰਚਾਇਆ।