ਪਰਮਜੀਤ ਸਿੰਘ ਕੁਠਾਲਾ
ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਐਗਜ਼ੈਕਟਿਵ ਕਮੇਟੀ ਮੈਂਬਰ ਹਾਜ਼ੀ ਮੁਹੰਮਦ ਤੁਫੈਲ ਮਲਿਕ ਦੇ ਸਥਾਨਕ ਸ਼ੀਸ਼ ਮਹਿਲ ਸਥਿਤ ਮਲਿਕ ਹਾਊਸ ਪਹੁੰਚੀ ਯੂ ਪੀ ਦੇ ਹਲਕਾ ਕੈਰਾਨਾ ਤੋਂ ਲੋਕ ਸਭਾ ਮੈਂਬਰ ਚੌਧਰੀ ਇਕਰਾ ਮੁਨੱਵਰ ਹਸਨ ਨੇ ਕਿਹਾ ਕਿ ਹਾਅ ਦੇ ਨਾਅਰੇ ਦੀ ਇਤਿਹਾਸਕ ਧਰਤੀ ਮਾਲੇਰਕੋਟਲਾ ਮੁਲਕ ਲਈ ਧਰਮ ਨਿਰਪੱਖਤਾ ਤੇ ਭਾਈਚਾਰਕ ਏਕਤਾ ਦਾ ਮਾਣਮੱਤਾ ਚਾਨਣ ਮੁਨਾਰਾ ਹੈ। ਇਸ ਨੇ ਜ਼ੁਲਮ ਦੀ ਹਨੇਰੀ ਵਿੱਚ ਮਾਨਵਤਾਵਾਦੀ ਪਰੰਪਰਾ ਦਾ ਪੱਲਾ ਨਹੀਂ ਛੱਡਿਆ। ਅਕਾਲੀ ਨੇਤਾ ਹਾਜ਼ੀ ਤੁਫੈਲ ਮਲਿਕ ਦੀ ਦੋਹਤੀ ਬੀਬਾ ਇਕਰਾ ਮੁਨੱਵਰ ਹਸਨ ਲੰਘੀ ਰਾਤ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ ਅਤੇ ਸਾਬਕਾ ਡੀ ਜੀ ਪੀ ਮੁਹੰਮਦ ਮੁਸਤਫਾ ਦੇ ਪੁੱਤਰ ਦੇ ਦੇਹਾਂਤ ’ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਉਪਰੰਤ ਸ਼ੀਸ਼ ਮਹਿਲ ਪਹੁੰਚੀ ਸੀ। ਦੇਸ਼ ਦੇ ਮੌਜੂਦਾ ਸਿਆਸੀ ਹਾਲਾਤ ਦੌਰਾਨ ਘੱਟ ਗਿਣਤੀ ਭਾਈਚਾਰਿਆਂ ਖ਼ਾਸ ਕਰ ਕੇ ਮੁਸਲਮਾਨਾਂ ਨੂੰ ਇਕਜੁੱਟ ਹੋਣ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਸਾਡਾ ਸਾਰਿਆਂ ਦਾ ਮੁਲਕ ਹੈ। ਇਸ ਨੂੰ ਆਜ਼ਾਦ ਕਰਵਾਉਣ ਲਈ ਹਿੰਦੂ, ਸਿੱਖ, ਮੁਸਲਮਾਨ ਅਤੇ ਇਸਾਈ ਭਾਈਚਾਰਿਆਂ ਦੇ ਸੂਰਵੀਰਾਂ ਨੇ ਰਲ ਕੇ ਖੂਨ ਡੋਲ੍ਹਿਆ ਹੈ।
ਉਨ੍ਹਾਂ ਕਿਸੇ ਵੀ ਸਿਆਸੀ ਸਵਾਲ ਦਾ ਜਵਾਬ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਸ ਪਰਿਵਾਰਕ ਮਿਲਣੀ ਮੌਕੇ ਉਹ ਕੋਈ ਵੀ ਸਿਆਸੀ ਗੱਲ ਨਹੀਂ ਕਰਨਗੇ। ਇਸ ਮੌਕੇ ਯੂਥ ਅਕਾਲੀ ਆਗੂ ਕਾਕਾ ਅਮਰਿੰਦਰ ਸਿੰਘ ਮੰਡੀਆਂ, ਨੰਬਰਦਾਰ ਜਤਿੰਦਰ ਸਿੰਘ ਮਹੋਲੀ, ਸਾਬਰ ਅਲੀ ਢਿੱਲੋਂ, ਸਿਰਾਜ ਮਲਿਕ, ਸਰਪੰਚ ਗੁਲਾਮ ਮੁਹੰਮਦ ਹੈਦਰਨਗਰ, ਸਾਹਬਦੀਨ ਅਤੇ ਮਾਸਟਰ ਲਿਆਕਤ ਅਲੀ ਸਣੇ ਹੋਰਾਂ ਨੇ ਬੀਬਾ ਇਕਰਾ ਹਸਨ ਦਾ ਸਵਾਗਤ ਕੀਤਾ।

