ਮਜੀਠੀਆ ਦੀ ਜ਼ਮਾਨਤ ਸਬੰਧੀ ਅਗਲੀ ਸੁਣਵਾਈ ਭਲਕੇ
ਕਰਮਜੀਤ ਸਿੰਘ ਚਿੱਲਾ
ਆਮਦਨ ਤੋਂ ਵੱਧ ਜਾਇਦਾਦ ਦੇ ਦੋਸ਼ ਅਧੀਨ ਨਾਭਾ ਦੀ ਨਿਊ ਜੇਲ੍ਹ ਵਿੱਚ ਬੰਦ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ’ਤੇ ਹੁਣ ਪਹਿਲੀ ਅਗਸਤ ਨੂੰ ਸੁਣਵਾਈ ਹੋਵੇਗੀ। ਮੁਹਾਲੀ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ਵਿੱਚ ਅੱਜ ਕਈ ਘੰਟੇ ਕੇਸ ਦੀ ਸੁਣਵਾਈ ਚੱਲੀ। ਅਦਾਲਤ ਵਿੱਚ ਸਵੇਰੇ ਸਾਢੇ ਦਸ ਵਜੇ ਦੇ ਕਰੀਬ ਸੁਣਵਾਈ ਸ਼ੁਰੂ ਹੋਈ। ਦੁਪਹਿਰ ਮਗਰੋਂ ਵੀ ਸੁਣਵਾਈ ਜਾਰੀ ਰਹੀ ਤੇ ਦੋਵਾਂ ਧਿਰਾਂ ਦੇ ਵਕੀਲਾਂ ਨੇ ਪਹਿਲਾਂ ਦਿੱਤੀ ਦਰਖਾਸਤ ਅਤੇ ਜਵਾਬ ਦਾਅਵੇ ਦੇ ਆਧਾਰ ਉੱਤੇ ਆਪੋ-ਆਪਣੇ ਪੱਖ ਰੱਖੇ। ਵਿਜੀਲੈਂਸ ਵੱਲੋਂ ਆਪਣੇ ਵਕੀਲਾਂ ਰਾਹੀਂ ਕਈ ਦਸਤਾਵੇਜ਼ ਅਦਾਲਤ ਦੇ ਸਾਹਮਣੇ ਰੱਖੇ ਗਏ। ਇਸ ਦੌਰਾਨ ਬਿਕਰਮ ਮਜੀਠੀਆ ਦੇ ਵਕੀਲਾਂ ਵੱਲੋਂ ਮਾਮਲੇ ਦੀ ਸੁਣਵਾਈ ਜਨਤਕ ਕਰਨ ਅਤੇ ਮੀਡੀਆ ਸਣੇ ਕਿਸੇ ਨੂੰ ਵੀ ਅਦਾਲਤ ਦੀ ਕਾਰਵਾਈ ਸੁਣ ਸਕਣ ਬਾਰੇ ਪਟੀਸ਼ਨ ਦਾਇਰ ਕੀਤੀ ਗਈ।
ਦੋ ਅਗਸਤ ਨੂੰ ਹੋਵੇਗੀ ਮਜੀਠੀਆ ਦੀ ਪੇਸ਼ੀ
ਦੋ ਅਗਸਤ ਨੂੰ ਬਿਕਰਮ ਮਜੀਠੀਆ ਦੀ ਮੁਹਾਲੀ ਅਦਾਲਤ ਵਿੱਚ ਪੇਸ਼ੀ ਹੋਵੇਗੀ। ਇਸੇ ਦਿਨ ਉਨ੍ਹਾਂ ਦੀ ਬੈਰਕ ਬਦਲਣ ਦੇ ਮਾਮਲੇ ’ਤੇ ਵੀ ਸੁਣਵਾਈ ਤੈਅ ਕੀਤੀ ਗਈ ਹੈ। ਇਸੇ ਦਿਨ ਵਿਜੀਲੈਂਸ ਵੱਲੋਂ ਮਜੀਠੀਆ ਦੇ ਪਰਿਵਾਰ ਦੀ ਮਲਕੀਅਤ ਵਾਲੀ ਗੋਰਖਪੁਰ ਸਥਿਤ ਸਰਾਇਆ ਇੰਡਸਟਰੀ ਤੇ ਹੋਰਨਾਂ ਥਾਵਾਂ ’ਤੇ ਮੁੜ ਤਲਾਸ਼ੀ ਲੈਣ ਲਈ ਵਿਜੀਲੈਂਸ ਵੱਲੋਂ ਮੰਗੇ ਗਏ ਸਰਚ ਵਾਰੰਟਾਂ ਸਬੰਧੀ ਵੀ ਸੁਣਵਾਈ ਹੋਣੀ ਹੈ।
ਜੇਲ੍ਹ ਪ੍ਰਸ਼ਾਸਨ ਨੇ ਅਕਾਲੀ ਆਗੂਆਂ ਦੀ ਮਜੀਠੀਆ ਨਾਲ ਨਾ ਕਰਵਾਈ ਮੁਲਾਕਾਤ
ਨਾਭਾ (ਮੋਹਿਤ ਸਿੰਗਲਾ): ਨਾਭਾ ਜੇਲ੍ਹ ’ਚ ਬੰਦ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਅੱਜ ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ, ਸਿਕੰਦਰ ਸਿੰਘ ਮਲੂਕਾ ਅਤੇ ਮਹੇਸ਼ ਇੰਦਰ ਸਿੰਘ ਗਰੇਵਾਲ ਮਿਲਣ ਪਹੁੰਚੇ ਪਰ ਜੇਲ੍ਹ ਪ੍ਰਸ਼ਾਸਨ ਨੇ ਅਕਾਲੀ ਆਗੂਆਂ ਦੀ ਮਜੀਠੀਆ ਨਾਲ ਮੁਲਾਕਾਤ ਨਾ ਕਰਵਾਈ। ਇਸ ਮੌਕੇ ਜੇਲ੍ਹ ਸੁਪਰਡੈਂਟ ਇੰਦਰਜੀਤ ਸਿੰਘ ਕਾਹਲੋਂ ਨੇ ਕਿਹਾ ਕਿ ਜੇਲ੍ਹ ਨਿਯਮਾਂ ਮੁਤਾਬਕ ਸਿਰਫ਼ ਪਰਿਵਾਰ ਦੇ ਮੈਂਬਰਾਂ ਨੂੰ ਹੀ ਮਿਲਣ ਦੀ ਇਜਾਜ਼ਤ ਹੈ।
ਅਦਾਲਤੀ ਕੰਪਲੈਕਸ ਦਾ ਗੇਟ ਧੱਕੇ ਨਾਲ ਖੋਲ੍ਹਣ ’ਤੇ ਇੰਸਪੈਕਟਰ ਉੱਤੇ ਕੇਸ ਦਰਜ
ਐੱਸਏਐੱਸਨਗਰ (ਮੁਹਾਲੀ) (ਖੇਤਰੀ ਪ੍ਰਤੀਨਿਧ): ਮੁਹਾਲੀ ਦੇ ਜੁਡੀਸ਼ਲ ਮੈਜਿਸਟਰੇਟ ਸੰਗਮ ਕੌਸ਼ਲ ਨੇ ਮੁਹਾਲੀ ਪੁਲੀਸ ਦੇ ਇੰਸਪੈਕਟਰ ਜਸ਼ਨਪ੍ਰੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ। ਇੰਸਪੈਕਟਰ ’ਤੇ ਦੋਸ਼ ਹੈ ਕਿ ਉਸ ਨੇ ਬੀਤੀ 6 ਜੁਲਾਈ ਨੂੰ ਬਿਕਰਮ ਮਜੀਠੀਆ ਦੀ ਅਦਾਲਤ ਵਿੱਚ ਪੇਸ਼ੀ ਮੌਕੇ ਅਦਾਲਤੀ ਕੰਪਲੈਕਸ ਦੇ ਚੌਕੀਦਾਰ ਕੋਲੋਂ ਧੱਕੇ ਨਾਲ ਚਾਬੀਆਂ ਖੋਹ ਕੇ ਖ਼ੁਦ ਹੀ ਗੇਟ ਖੋਲ੍ਹ ਲਿਆ ਸੀ। ਇਸ ਦੌਰਾਨ ਇੰਸਪੈਕਟਰ ਨੇ ਕਥਿਤ ਤੌਰ ’ਚੇ ਚੌਕੀਦਾਰ ਨਾਲ ਬਦਸਲੂਕੀ ਵੀ ਕੀਤੀ ਸੀ। ਚੌਕੀਦਾਰ ਨੇ ਇਸ ਬਾਰੇ ਜੱਜ ਦੇ ਰੀਡਰ ਨੂੰ ਦੱਸਿਆ ਜਿਨ੍ਹਾਂ ਵੱਲੋਂ ਇਹ ਮਾਮਲਾ ਜੱਜ ਦੇ ਧਿਆਨ ਵਿੱਚ ਲਿਆਂਦਾ ਗਿਆ। ਪਹਿਲਾਂ ਚੌਕੀਦਾਰ ਨੇ ਐੱਫ਼ਆਈਆਰ ਦਰਜ ਕਰਵਾਉਣ ਤੋਂ ਇਨਕਾਰ ਕੀਤਾ, ਪਰ ਅਦਾਲਤ ਨੇ ਜਾਂਚ ਮਗਰੋਂ ਇੰਸਪੈਕਟਰ ਖ਼ਿਲਾਫ਼ ਕੇਸ ਦਰਜ ਕਰਨ ਦੇ ਹੁਕਮ ਦਿੱਤੇ।