ਮਜੀਠੀਆ ਦੀ ਬੈਰਕ ਬਦਲਣ ਦਾ ਮਾਮਲਾ: ਏਡੀਜੀਪੀ ਨੂੰ ਦੋ ਦਿਨਾਂ ’ਚ ਜਵਾਬ ਦਾਖ਼ਲ ਕਰਨ ਦੇ ਹੁਕਮ
ਕਰਮਜੀਤ ਸਿੰਘ ਚਿੱਲਾ
ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਨਾਭਾ ਦੀ ਨਿਊ ਜੇਲ੍ਹ ਵਿੱਚ ਅਦਾਲਤੀ ਹਿਰਾਸਤ ਅਧੀਨ ਚੱਲ ਰਹੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਜੇਲ੍ਹ ਵਿਚਲੀ ਬੈਰਕ ਬਦਲਣ ਦੇ ਮਾਮਲੇ ਸਬੰਧੀ ਅਦਾਲਤ ਨੇ ਏਡੀਜੀਪੀ ਜੇਲ੍ਹਾਂ ਨੂੰ ਦੋ ਦਿਨਾਂ ’ਚ ਜਵਾਬ ਦਾਖ਼ਲ ਕਰਨ ਲਈ ਕਿਹਾ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 25 ਜੁਲਾਈ ਨੂੰ ਹੋਵੇਗੀ। ਇਸੇ ਤਰ੍ਹਾਂ ਮਜੀਠੀਆ ਨੂੰ ਜ਼ਮਾਨਤ ਦੇਣ ਦੇ ਮਾਮਲੇ ਸਬੰਧੀ ਸਰਕਾਰੀ ਪੱਖ ਦੇ ਵਕੀਲ ਨੇ ਜਵਾਬ ਦਾਖ਼ਲ ਕਰਨ ਲਈ ਸਮਾਂ ਮੰਗਿਆ ਹੈ, ਜਿਸ ਨੂੰ ਅਦਾਲਤ ਨੇ ਪ੍ਰਵਾਨ ਕਰ ਲਿਆ ਹੈ। ਇਸ ਮਾਮਲੇ ਦੀ ਸੁਣਵਾਈ ਵੀ 25 ਜੁਲਾਈ ਨੂੰ ਹੀ ਹੋਵੇਗੀ। ਤਲਾਸ਼ੀ ਦੌਰਾਨ ਵਿਜੀਲੈਂਸ ਵੱਲੋਂ ਮੁਸ਼ੋਬਰਾ (ਸ਼ਿਮਲਾ) ਵਿੱਚ ਸਰਚ ਵਾਰੰਟ ਤੋਂ ਬਿਨਾਂ ਤਾਲੇ ਤੋੜੇ ਗਏ ਸਨ। ਇਸ ’ਤੇ ਬਚਾਅ ਪੱਖ ਨੇ ਅਦਾਲਤ ਵਿੱਚ ਸਰਚ ਵਾਰੰਟ ਪੇਸ਼ ਕਰਨ ਸਬੰਧੀ ਪਟੀਸ਼ਨ ਪਾਈ ਸੀ, ਜਿਸ ’ਤੇ ਸੁਣਵਾਈ 2 ਅਗਸਤ ਨੂੰ ਹੋਵੇਗੀ। ਬੈਰਕ ਬਦਲਣ ਦੇ ਮਾਮਲੇ ਸਬੰਧੀ ਅੱਜ ਅਦਾਲਤ ਵਿੱਚ ਦੋਵਾਂ ਧਿਰਾਂ ਦੇ ਵਕੀਲਾਂ ਨੇ ਪੱਖ ਰੱਖੇ। ਮਜੀਠੀਆ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ, ਦਮਨਬੀਰ ਸਿੰਘ ਸੋਬਤੀ, ਐੱਚਐੱਸ ਧਨੋਆ ਨੇ ਅਦਾਲਤ ਸਾਹਮਣੇ ਆਪਣੇ ਪੱਖ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਮਜੀਠੀਆ ਨੂੰ ਦੋ ਸਜ਼ਾਯਾਫ਼ਤਾ ਕੈਦੀਆਂ ਨਾਲ ਰੱਖਿਆ ਜਾ ਰਿਹਾ ਹੈ। ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ।
ਸਰਕਾਰੀ ਪੱਖ ਦੇ ਵਕੀਲ ਪ੍ਰੀਤਇੰਦਰ ਪਾਲ ਸਿੰਘ ਨੇ ਦੱਸਿਆ ਕਿ ਜੇਲ੍ਹ ਵਿਭਾਗ ਵੱਲੋਂ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਜੀਠੀਆ ਦੀ ਸੁਰੱਖਿਆ ਨੂੰ ਕੋਈ ਖ਼ਤਰਾ ਨਹੀਂ ਹੈ। ਅਦਾਲਤ ਨੇ ਦੋਵਾਂ ਧਿਰਾਂ ਦੀ ਗੱਲ ਸੁਣਨ ਤੋਂ ਬਾਅਦ ਏਡੀਜੀਪੀ ਜੇਲ੍ਹਾਂ ਤੋਂ ਸਾਰੇ ਮਾਮਲੇ ਦਾ ਜਵਾਬ ਮੰਗਿਆ ਹੈ ਅਤੇ ਦੋ ਦਿਨਾਂ ਦੌਰਾਨ ਜਵਾਬ ਦਾਖ਼ਲ ਕਰਨ ਲਈ ਕਿਹਾ ਗਿਆ ਹੈ।