ਮਜੀਠੀਆ ਦੀ ਪੇਸ਼ੀ: ਅਦਾਲਤ ਅੱਗੇ ਪਹੁੰਚੇ ਅਕਾਲੀ ਆਗੂ ਹਿਰਾਸਤ ’ਚ ਲਏ
ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ(ਮੁਹਾਲੀ), 6 ਜੁਲਾਈ
ਬਿਕਰਮ ਸਿੰਘ ਮਜੀਠੀਆ ਦੀ ਮੁਹਾਲੀ ਦੀ ਅਦਾਲਤ ਵਿੱਚ ਪੇਸ਼ੀ ਮੌਕੇ ਨਾਅਰੇਬਾਜ਼ੀ ਕਰ ਰਹੇ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਅਕਾਲੀ ਵਰਕਰਾਂ ਨੇ ਇਸ ਮੌਕੇ ਪੰਜਾਬ ਸਰਕਾਰ ਦੇ ਖ਼ਿਲਾਫ਼ ਅਤੇ ਬਿਕਰਮ ਮਜੀਠੀਆ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ।
ਸਵੇਰੇ ਦਸ ਵਜੇ ਸਭ ਤੋਂ ਪਹਿਲਾਂ ਸਾਬਕਾ ਅਕਾਲੀ ਮੰਤਰੀ ਡਾ. ਦਲਜੀਤ ਸਿੰਘ ਚੀਮਾ ਅਦਾਲਤੀ ਕੰਪਲੈਕਸ ਨੇੜੇ ਪਹੁੰਚੇ। ਉਨ੍ਹਾਂ ਅਦਾਲਤ ਵਿੱਚ ਪਾਰਟੀ ਦੇ ਵਕੀਲ ਐੱਚਐੱਸ ਧਨੋਆ ਦੇ ਚੈਂਬਰ ਵਿੱਚ ਮੌਜੂਦ ਅਕਾਲੀ ਵਿਧਾਇਕਾ ਗਨੀਵ ਕੌਰ ਮਜੀਠੀਆ ਕੋਲ ਜਾਣ ਦਾ ਤਰਕ ਦਿੱਤਾ। ਪੁਲੀਸ ਨੇ ਉਨ੍ਹਾਂ ਨੂੰ ਇੱਕ ਗੇਟ ਤੋਂ ਦੂਜੇ ਗੇਟ ’ਤੇ ਭੇਜ ਦਿੱਤਾ, ਜਿੱਥੇ ਉਨ੍ਹਾਂ ਨੂੰ ਅਗਾਂਹ ਨਹੀਂ ਜਾਣ ਦਿੱਤਾ ਗਿਆ। ਉਨ੍ਹਾਂ ਇਸ ਮੌਕੇ ਪੰਜਾਬ ਸਰਕਾਰ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ਐਮਰਜੈਂਸੀ ਦੱਸਿਆ।
ਇਸ ਮਗਰੋਂ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਅਤੇ ਅਕਾਲੀ ਦਲ ਦੇ ਮੁਹਾਲੀ ਹਲਕੇ ਦੇ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਦੀ ਅਗਵਾਈ ਹੇਠ ਪੰਜ ਦਰਜਨ ਦੇ ਕਰੀਬ ਯੂਥ ਅਤੇ ਅਕਾਲੀ ਆਗੂ ਅਦਾਲਤੀ ਕੰਪਲੈਕਸ ਸਾਹਮਣੇ ਪਹੁੰਚੇ। ਅਕਾਲੀ ਆਗੂਆਂ ਨੇ ਆਉਂਦਿਆਂ ਹੀ ਨਾਅਰੇਬਾਜ਼ੀ ਆਰੰਭ ਦਿੱਤੀ। ਪੁਲੀਸ ਸਾਰਿਆਂ ਨੂੰ ਬੱਸਾਂ ਵਿੱਚ ਬਿਠਾ ਕੇ ਖਰੜ ਸਿਟੀ ਥਾਣੇ ਲੈ ਗਈ, ਜਿੱਥੇ ਬਾਅਦ ਵਿੱਚ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਇਸ ਮੌਕੇ ਸ੍ਰੀ ਝਿੰਜਰ ਅਤੇ ਸੋਹਾਣਾ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਸ਼ਾਂਤਮਈ ਰੋਸ ਪ੍ਰਗਟ ਕਰਨ ਤੋਂ ਵੀ ਰੋਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨਾ ਡਰੇਗਾ ਅਤੇ ਨਾ ਹੀ ਝੁਕੇਗਾ ਅਤੇ ਲੋਕ ਸ਼ਕਤੀ ਨਾਲ ਇਸ ਸਭ ਦਾ ਮੁਕਾਬਲਾ ਕਰੇਗਾ।