ਮਜੀਠੀਆ ਮਾਮਲਾ: ਸੁਖਬੀਰ ਬਾਦਲ ਸਣੇ ਕਈ ਆਗੂ ਹਿਰਾਸਤ ’ਚ ਲਏ
ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ (ਮੁਹਾਲੀ), 2 ਜੁਲਾਈ
ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਹੱਕ ’ਚ ਨਿੱਤਰੇ ਪਾਰਟੀ ਵਰਕਰਾਂ ਨੂੰ ਅੱਜ ਹਿਰਾਸਤ ’ਚ ਲੈ ਲਿਆ ਗਿਆ। ਮੁਹਾਲੀ ਦੇ ਫੇਜ਼-8 ਦੇ ਗੁਰਦੁਆਰਾ ਅੰਬ ਸਾਹਿਬ ’ਚ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰ ਆਗੂਆਂ ਨੂੰ ਹਿਰਾਸਤ ਵਿਚ ਲੈ ਕੇ ਬੱਸਾਂ ਰਾਹੀਂ ਆਲੇ-ਦੁਆਲੇ ਦੇ ਪੁਲੀਸ ਥਾਣਿਆਂ ਵਿਚ ਪਹੁੰਚਾਇਆ ਗਿਆ। ਇਸ ਤੋਂ ਪਹਿਲਾਂ ਸੁੱਚਾ ਸਿੰਘ ਲੰਗਾਹ ਅਤੇ ਹੋਰ ਆਗੂਆਂ ਤੇ ਵਰਕਰਾਂ ਨੂੰ ਪੁਲੀਸ ਨੇ ਹਿਰਾਸਤ ਵਿਚ ਲੈ ਲਿਆ ਸੀ। ਸਖ਼ਤ ਪੁਲੀਸ ਪ੍ਰਬੰਧਾਂ ਦੇ ਬਾਵਜੂਦ ਬਲਵਿੰਦਰ ਸਿੰਘ ਭੂੰਦੜ, ਨਰਿੰਦਰ ਕੁਮਾਰ ਸ਼ਰਮਾ, ਹੀਰਾ ਸਿੰਘ ਗਾਬੜੀਆ, ਪਰਵਿੰਦਰ ਸਿੰਘ ਸੋਹਾਣਾ, ਸਰਬਜੀਤ ਸਿੰਘ ਝਿੰਜਰ, ਸ਼ਮਸ਼ੇਰ ਸਿੰਘ ਪੁਰਖਾਲਵੀ, ਦਰਬਾਰਾ ਸਿੰਘ ਗੁਰੂ, ਮਨਤਾਰ ਸਿੰਘ ਬਰਾੜ, ਕੁਲਦੀਪ ਕੌਰ ਕੰਗ, ਮਨਮੋਹਨ ਕੌਰ, ਨੰਬਰਦਾਰ ਹਰਵਿੰਦਰ ਸਿੰਘ ਸੋਹਾਣਾ, ਛਿੰਦੀ ਬੱਲੋਮਾਜਰਾ, ਕਮਲਜੀਤ ਸਿੰਘ ਰੂਬੀ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਆਗੂ ਤੇ ਵਰਕਰ ਗੁਰਦੁਆਰੇ ਦੀ ਹਦੂਦ ਅੰਦਰ ਪਹੁੰਚਣ ਵਿਚ ਸਫ਼ਲ ਰਹੇ। ਇਸ ਮੌਕੇ ਆਪਣੇ ਸੰਬੋਧਨ ’ਚ ਸਾਰੇ ਆਗੂਆਂ ਨੇ ਪੰਜਾਬ ਸਰਕਾਰ ’ਤੇ ਤਿੱਖੇ ਹਮਲੇ ਕੀਤੇ। ਦੁਪਹਿਰ ਪੌਣੇ 12 ਵਜੇ ਦੇ ਕਰੀਬ ਸੁਖਬੀਰ ਸਿੰਘ ਬਾਦਲ ਜਦੋਂ ਅੰਬ ਸਾਹਿਬ ਪਹੁੰਚਣ ਲਈ ਕਾਫ਼ਲੇ ਸਮੇਤ, ਜਿਸ ਵਿਚ ਸਿਕੰਦਰ ਸਿੰਘ ਮਲੂਕਾ, ਮਹੇਸ਼ਇੰਦਰ ਸਿੰਘ ਗਰੇਵਾਲ, ਬੰਟੀ ਰੋਮਾਣਾ ਆਦਿ ਆਗੂ ਵੀ ਮੌਜੂਦ ਸਨ, ਪੰਜਾਬ ਸਕੂਲ ਸਿੱਖਿਆ ਬੋਰਡ ਨੇੜਲੇ ਚੌਕ ਕੋਲ ਪਹੁੰਚੇ ਤਾਂ ਪੁਲੀਸ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਹਿਰਾਸਤ ਵਿਚ ਲੈ ਲਿਆ। ਮੁਹਾਲੀ ਦੇ ਐੱਸਪੀ ਮਨਪ੍ਰੀਤ ਸਿੰਘ ਨਾਲ ਸੁਖਬੀਰ ਬਾਦਲ ਦੀ ਤਕਰਾਰ ਵੀ ਹੋਈ। ਸੁਖਬੀਰ ਬਾਦਲ ਨੇ ਕਿਹਾ ਕਿ ਉਹ ਗੁਰਦੁਆਰੇ ’ਚ ਮੱਥਾ ਟੇਕਣ ਜਾ ਰਹੇ ਹਨ ਤਾਂ ਉਨ੍ਹਾਂ ਨੂੰ ਕਿਉਂ ਰੋਕਿਆ ਜਾ ਰਿਹਾ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਨੂੰ ਅਰਵਿੰਦ ਕੇਜਰੀਵਾਲ ਨੇ ਆਪਣੇ ਕੰਟਰੋਲ ਹੇਠ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਥਾਂ ’ਤੇ ਕੇਜਰੀਵਾਲ ਅਫ਼ਸਰਾਂ ਨੂੰ ਹਦਾਇਤਾਂ ਦੇ ਰਿਹਾ ਹੈ ਕਿ ਕਿਸ ਨੂੰ ਫੜਨਾ ਹੈ ਅਤੇ ਕਿਸ ਨੂੰ ਛੱਡਣਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਅਣਐਲਾਨੀ ਐਮਰਜੈਂਸੀ ਲਗਾ ਦਿੱਤੀ ਹੈ ਅਤੇ ਪੰਜਾਬ ਭਰ ਵਿਚ ਅਕਾਲੀ ਆਗੂਆਂ ਨੂੰ ਘਰਾਂ ਅਤੇ ਨਾਕਿਆਂ ਉੱਤੇ ਨਜ਼ਰਬੰਦ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਅੱਗੇ ਨਹੀਂ ਝੁਕੇਗਾ।
ਅੰਬ ਸਾਹਿਬ ਦੀ ਹਦੂਦ ਅੰਦਰ ਇਕੱਤਰ ਅਕਾਲੀ ਵਰਕਰਾਂ ਨੂੰ ਜਿਵੇਂ ਹੀ ਸੁਖਬੀਰ ਬਾਦਲ ਦੀ ਗ੍ਰਿਫ਼ਤਾਰੀ ਦਾ ਪਤਾ ਲੱਗਿਆ ਤਾਂ ਪਾਰਟੀ ਵਰਕਰ ਇੱਕ ਦਮ ਭੜਕ ਗਏ ਅਤੇ ਯੂਥ ਅਕਾਲੀ ਦਲ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਪਰਵਿੰਦਰ ਸੋਹਾਣਾ, ਨਰਿੰਦਰ ਸ਼ਰਮਾ ਅਤੇ ਹੋਰਾਂ ਦੀ ਅਗਵਾਈ ਹੇਠ ਤੁਰੰਤ ਅੰਬ ਸਾਹਿਬ ਦੇ ਮੂਹਰੇ ਵਾਲੀ ਸੜਕ ਉੱਤੇ ਆ ਕੇ ਵਿਜੀਲੈਂਸ ਭਵਨ ਵੱਲ ਵੱਧਣ ਲੱਗ ਪਏ। ਬੈਰੀਕੇਡਾਂ ਨੂੰ ਤੋੜ ਕੇ ਅੱਗੇ ਵਧ ਰਹੇ ਅਕਾਲੀ ਵਰਕਰਾਂ ਨੂੰ ਰੋਕਣ ਲਈ ਪੁਲੀਸ ਨੂੰ ਕਾਫ਼ੀ ਤਰੱਦਦ ਕਰਨਾ ਪਿਆ ਤੇ ਪੁਲੀਸ ਨੇ ਦਰਜਨਾਂ ਵਰਕਰਾਂ ਨੂੰ ਹਿਰਾਸਤ ਵਿਚ ਲੈ ਲਿਆ।
ਪੁਲੀਸ ਵੱਲੋਂ ਸੁਖਬੀਰ ਬਾਦਲ ਨੂੰ ਸਾਥੀਆਂ ਸਮੇਤ ਫੇਜ਼-11 ਦੇ ਥਾਣੇ ਲਿਆਂਦਾ ਗਿਆ ਤੇ ਤਕਰੀਬਨ ਡੇਢ ਘੰਟੇ ਮਗਰੋਂ ਬੱਸ ਵਿਚ ਬਿਠਾ ਕੇ ਚੰਡੀਗੜ੍ਹ ਦੇ ਸੈਕਟਰ-39 ਵਿਖੇ ਲਿਜਾ ਕੇ ਛੱਡ ਦਿੱਤਾ ਗਿਆ। ਫੇਜ਼-11 ਦੇ ਥਾਣੇ ਅੱਗੇ ਪਹੁੰਚੇ ਅਕਾਲੀ ਵਰਕਰਾਂ ਨੇ ਉਥੇ ਸਰਕਾਰ ਅਤੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਦੌਰਾਨ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ’ਚ ਮੱਥਾ ਟੇਕਣ ਆਉਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਹੋਈ। ਪੁਲੀਸ ਨੇ ਸਵੇਰੇ ਤੋਂ ਹੀ ਇਸ ਖੇਤਰ ਵਿਚ ਸਖ਼ਤ ਨਾਕੇਬੰਦੀ ਕੀਤੀ ਹੋਈ ਸੀ ਅਤੇ ਕਿਸੇ ਵੀ ਵਾਹਨ ਨੂੰ ਨਹੀਂ ਆਉਣ ਦਿੱਤਾ ਜਾ ਰਿਹਾ ਸੀ। ਪੁਲੀਸ ਵੱਲੋਂ ਨਾਕਿਆਂ ਉਪਰ ਮਿੱਟੀ ਦੇ ਭਰੇ ਟਿੱਪਰ ਵੀ ਖੜ੍ਹੇ ਕੀਤੇ ਗਏ ਸਨ।
ਸਾਬਕਾ ਵਿਧਾਇਕ ਬਲਦੇਵ ਸਿੰਘ ਖਹਿਰਾ ਨਜ਼ਰਬੰਦ
ਫਿਲੌਰ (ਪੱਤਰ ਪ੍ਰੇਰਕ): ਹਲਕਾ ਫਿਲੌਰ ਤੋਂ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਦੇ ਮੈਂਬਰ ਬਲਦੇਵ ਸਿੰਘ ਖਹਿਰਾ ਨੂੰ ਅੱਜ ਪੁਲੀਸ ਨੇ ਪਿੰਡ ਖਹਿਰਾ ਸਥਿਤ ਉਨ੍ਹਾਂ ਦੇ ਘਰ ’ਚ ਨਜ਼ਰਬੰਦ ਕਰ ਦਿੱਤਾ। ਘਰ ’ਚ ਨਜ਼ਰਬੰਦੀ ਦੌਰਾਨ ਅਕਾਲੀ ਆਗੂ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਦੀ ਆਵਾਜ਼ ਨੂੰ ਕਿਸੇ ਵੀ ਕੀਮਤ ’ਤੇ ਦਬਾਇਆ ਨਹੀਂ ਜਾ ਸਕਦਾ।