ਮਜੀਠੀਆ ਮਾਮਲਾ: ਸਾਬਕਾ ਅਧਿਕਾਰੀ ਨੇ ਵਿਜੀਲੈਂਸ ਕੋਲ ਬਿਆਨ ਦਰਜ ਕਰਾਏ
ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ(ਮੁਹਾਲੀ), 28 ਜੂਨ
ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਣ ਸਿੰਘ ਨੇ ਅੱਜ ਮੁਹਾਲੀ ਦੇ ਫੇਜ਼ ਅੱਠ ਵਿਚਲੇ ਵਿਜੀਲੈਂਸ ਵਿਭਾਗ ਦੇ ਮੁੱਖ ਦਫ਼ਤਰ ਵਿੱਚ ਬਿਆਨ ਦਰਜ ਕਰਾਏ। ਵਿਜੀਲੈਂਸ ਵੱਲੋਂ ਉਨ੍ਹਾਂ ਨੂੰ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਸਬੰਧੀ ਪਿਛਲੇ ਸਮੇਂ ਦੌਰਾਨ ਕੀਤੀ ਗਈ ਜਾਂਚ ਬਾਰੇ ਜਾਣਕਾਰੀ ਦੇਣ ਲਈ ਬੁਲਾਇਆ ਗਿਆ ਸੀ। ਇਸੇ ਮਾਮਲੇ ਸਬੰਧੀ ਸਾਬਕਾ ਡੀਜੀਪੀ ਸਿਧਾਰਥ ਚਟੋਪਾਧਿਆਏ ਵੱਲੋਂ ਕੱਲ੍ਹ ਚੰਡੀਗੜ੍ਹ ਵਿੱਚ ਆਪਣੇ ਬਿਆਨ ਦਰਜ ਕਰਾਏ ਗਏ ਸਨ। ਬਿਆਨ ਦਰਜ ਕਰਾਉਣ ਮਗਰੋਂ ਨਿਰੰਜਣ ਸਿੰਘ ਨੇ ਆਖਿਆ ਕਿ ਉਨ੍ਹਾਂ ਵੱਲੋਂ ਜਗਦੀਸ਼ ਭੋਲਾ ਮਾਮਲੇ ਦੀ ਜਿਹੜੀ 2013 ਵਿੱਚ ਜਾਂਚ ਕੀਤੀ ਗਈ ਸੀ, ਉਸ ਵਿਚ ਐੱਫਆਈਆਰ ਵਿੱਚ ਬਿਕਰਮ ਮਜੀਠੀਆ ਦਾ ਨਾਮ ਸਿੱਧੇ ਤੌਰ ’ਤੇ ਸ਼ਾਮਲ ਨਹੀਂ ਸੀ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਭੋਲਾ ਅਤੇ ਔਲਖ ਵੱਲੋਂ ਉਨ੍ਹਾਂ ਦਾ ਨਾਮ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਸਬੰਧਿਤ ਮਾਮਲੇ ਦੀ ਹਾਈ ਕੋਰਟ ਵਿੱਚ ਵੀ ਸਟੇਟਸ ਰਿਪੋਰਟ ਪੇਸ਼ ਹੋਈ ਸੀ ਅਤੇ ਅਦਾਲਤ ਵੱਲੋਂ ਕਾਰਵਾਈ ਦੇ ਨਿਰਦੇਸ਼ ਦਿੱਤੇ ਸਨ ਪਰ ਪਿਛਲੀਆਂ ਸਰਕਾਰਾਂ ਸਮੇਂ ਇਸ ’ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ 2021 ਵਿਚ ਮਜੀਠੀਆ ਖ਼ਿਲਾਫ਼ ਜਿਹੜੀ ਐੱਫ਼ਆਈਆਰ ਦਰਜ ਕੀਤੀ ਗਈ, ਉਹ ਵੀ ਉਨ੍ਹਾਂ ਵੱਲੋਂ ਕੀਤੀ ਗਈ ਜਾਂਚ ਅਤੇ ਸਿਟ ਦੀ ਰਿਪੋਰਟ ਤੇ ਆਧਾਰਿਤ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਉਨ੍ਹਾਂ 68 ਲੋਕਾਂ ਅਤੇ ਕੰਪਨੀਆਂ ਦੀ ਜਾਂਚ ਕੀਤੀ ਸੀ ਅਤੇ 17 ਨੂੰ ਸਜ਼ਾ ਵੀ ਕਰਾਈ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜੇ ਇਸ ਕੇਸ ਵਿਚ ਉਨ੍ਹਾਂ ਦੀ ਬਦਲੀ, ਜਾਂਚ ਰੋਕਣ ਲਈ ਦਬਾਅ ਨਾ ਪੈਂਦਾ ਤਾਂ ਹੋਰ ਮੁਲਜ਼ਮ ਵੀ ਅੱਜ ਸ਼ਲਾਖਾਂ ਪਿੱਛੇ ਹੋਣੇ ਸੀ। ਉਨ੍ਹਾਂ ਕਿਹਾ ਕਿ ਈਡੀ ਨੂੰ ਤਾਜ਼ਾ ਦਰਜ ਹੋਏ ਪਰਚੇ ਸਬੰਧੀ ਖ਼ੁਦ ਵੀ ਜਾਂਚ ਕਰਨੀ ਚਾਹੀਦੀ ਹੈ।