ਮਜੀਠੀਆ ਮਾਮਲਾ: ਸਾਬਕਾ ਅਕਾਲੀ ਵਿਧਾਇਕ ਬੋਨੀ ਅਜਨਾਲਾ ਨੇ ਬਿਆਨ ਦਰਜ ਕਰਵਾਏ
ਤਤਕਾਲੀ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਦਿੱਤੀ ਸੀ ਸਾਰੇ ਮਾਮਲੇ ਬਾਰੇ ਜਾਣਕਾਰੀ
ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ(ਮੁਹਾਲੀ), 29 ਜੂਨ
ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਮਾਮਲੇ ਵਿੱਚ ਅੱਜ ਦੁਪਹਿਰ ਅਜਨਾਲਾ ਹਲਕੇ ਦੇ ਸਾਬਕਾ ਅਕਾਲੀ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਆਪਣੇ ਬਿਆਨ ਦਰਜ ਕਰਾਏ। ਉਨ੍ਹਾਂ ਨੂੰ ਵਿਜੀਲੈਂਸ ਵੱਲੋਂ ਬੁਲਾਇਆ ਗਿਆ ਸੀ। ਸਾਢੇ ਬਾਰਾਂ ਵਜੇ ਤੋਂ ਲੈ ਕੇ ਢਾਈ ਵਜੇ ਤੱਕ ਉਹ ਦੋ ਘੰਟੇ ਵਿਜੀਲੈਂਸ ਭਵਨ ਵਿੱਚ ਰਹੇ। ਪੁੱਛਗਿੱਛ ਮਗਰੋਂ ਬੋਨੀ ਅਜਨਾਲਾ ਨੇ ਆਖਿਆ ਕਿ ਸਵਰਗੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੇਲੇ ਜਦੋਂ ਉਹ ਅਜਨਾਲਾ ਹਲਕੇ ਦੇ ਵਿਧਾਇਕ ਸਨ ਤਾਂ 17 ਮਾਰਚ 2016 ਨੂੰ ਉਨ੍ਹਾਂ ਮੁੱਖ ਮੰਤਰੀ ਨੂੰ ਜ਼ਿਲ੍ਹੇ ਵਿੱਚ ਚੱਲਦੇ ਗੈਰਕਾਨੂੰਨੀ ਕੰਮਾਂ ਅਤੇ ਡਰੱਗ ਮਾਫ਼ੀਆ ਬਾਰੇ ਲਿਖਿਆ ਸੀ। ਉਨ੍ਹਾਂ ਕਿਹਾ ਕਿ ਜੇ ਉਸੇ ਸਮੇਂ ਕਾਰਵਾਈ ਹੋ ਜਾਂਦੀ ਤਾਂ ਉਦੋਂ ਹੀ ਸਾਰਾ ਮਾਮਲਾ ਸਪੱਸ਼ਟ ਹੋ ਜਾਣਾ ਸੀ। ਉਨ੍ਹਾਂ ਆਖਿਆ ਕਿ ਸੱਤੇ ਅਤੇ ਪਿੰਦੀ ਨੂੰ ਬਿਕਰਮ ਮਜੀਠੀਆ ਨੇ ਉਨ੍ਹਾਂ ਨਾਲ ਮਿਲਾਇਆ ਸੀ, ਜਿਨ੍ਹਾਂ ਦਾ ਬਾਅਦ ਵਿੱਚ ਇਸ ਕੇਸ ਵਿਚ ਨਾਂ ਬੋਲਦਾ ਸੀ। ਉਧਰ, ਵਿਜੀਲੈਂਸ ਦੀ ਟੀਮ ਨੇ ਅੱਜ ਅੰਮ੍ਰਿਤਸਰ ਜਾ ਕੇ ਬਿਕਰਮ ਮਜੀਠੀਆ ਦੇ ਪਹਿਲਾਂ ਪੀਏ ਰਹਿ ਚੁੱਕੇ ਤਲਵੀਰ ਗਿੱਲ ਦੇ ਬਿਆਨ ਵੀ ਦਰਜ ਕੀਤੇ।
ਮਜੀਠੀਆ ਨੂੰ ਜਾਂਚ ਲਈ ਲਿਜਾਇਆ ਜਾ ਸਕਦੈ ਮੁਹਾਲੀ ਤੋਂ ਬਾਹਰ
ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਸੋਮਵਾਰ ਨੂੰ ਪੰਜਾਬ ਅਤੇ ਹਿਮਾਚਲ ਵਿੱਚ ਲਿਜਾਏ ਜਾਣ ਦੀ ਕਨਸੋਅ ਮਿਲੀ ਹੈ। ਭਾਵੇਂ ਅਧਿਕਾਰਤ ਤੌਰ ’ਤੇ ਇਸ ਦੀ ਪੁਸ਼ਟੀ ਨਹੀਂ ਹੋਈ, ਪਰ ਪਤਾ ਲੱਗਿਆ ਹੈ ਕਿ ਮਜੀਠੀਆ ਮਾਮਲੇ ਵਿਚ ਵਿਜੀਲੈਂਸ ਨੂੰ ਵੱਖ-ਵੱਖ ਵਿਅਕਤੀਆਂ ਕੋਲੋਂ ਹਾਸਲ ਹੋ ਰਹੀ ਜਾਣਕਾਰੀ ਦੇ ਆਧਾਰ ’ਤੇ ਅਜਿਹਾ ਸੰਭਵ ਹੈ।