ਕਮਲ ਕੌਰ ਭਾਬੀ ਕਤਲ ਕੇਸ ਦੇ ਮੁੱਖ ਸਾਜ਼ਿਸ਼-ਘਾੜੇ ਵੱਲੋਂ ਕੰਟੈਂਟ ਕ੍ਰੀਏਟਰਾਂ ਨੂੰ ਧਮਕੀ
ਅਰਚਿਤ ਵਾਟਸ
ਬਠਿੰਡਾ, 13 ਜੂਨ
ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੇ ਕਤਲ ਦੇ ਮੁੱਖ ਸਾਜ਼ਿਸ਼ਘਾੜੇ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਅੱਜ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਜਾਰੀ ਕਰਦਿਆਂ ਅਸ਼ਲੀਲਤਾ ਫੈਲਾਉਣ ਵਾਲੇ ਕੰਟੈਂਟ ਕ੍ਰਿਏਟਰਾਂ ਨੂੰ ਧਮਕੀ ਦਿੱਤੀ ਹੈ। ਵਾਇਰਲ ਵੀਡੀਓ ਵਿਚ ਅੰਮ੍ਰਿਤਪਾਲ ਨੇ ਕਿਹਾ, ‘‘ਮੇਰੀ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ। ਜੇ ਸੋਸ਼ਲ ਮੀਡੀਆ ’ਤੇ ਅਜਿਹੀਆਂ(ਅਸ਼ਲੀਲ) ਵੀਡੀਓਜ਼ ਪ੍ਰਸਾਰਿਤ ਕਰਨ ਵਾਲੇ ਦੋ-ਤਿੰਨ ਦਿਨਾਂ ਦੇ ਅੰਦਰ ਉਨ੍ਹਾਂ ਨੂੰ ਡਿਲੀਟ ਨਹੀਂ ਕਰਦੇ ਅਤੇ ਉਨ੍ਹਾਂ ਦੇ ਪਰਿਵਾਰ ਪੰਥ ਅਤੇ ਪੰਜਾਬ ਤੋਂ ਮੁਆਫੀ ਨਹੀਂ ਮੰਗਦੇ ਤਾਂ ਵੇਖੋ ਕੀ ਹੁੰਦਾ ਹੈ। ਮੈਂ ਇੱਕ ਕਦਮ ਵੀ ਪਿੱਛੇ ਨਹੀਂ ਹਟਾਂਗਾ।’’
ਸਿੱਖ ਕਦਰਾਂ-ਕੀਮਤਾਂ ਦੀ ਰੱਖਿਆ ਵਿੱਚ ਕੰਮ ਕਰਨ ਦਾ ਦਾਅਵਾ ਕਰਦੇ ਹੋਏ ਉਸ ਨੇ ਕਿਹਾ, ‘‘ਕੰਚਨ ਕੁਮਾਰੀ ਯੂਪੀ ਜਾਂ ਬਿਹਾਰ ਤੋਂ ਆਈ ਸੀ। ਉਸਨੂੰ 'ਕੌਰ' ਨਾਂਅ ਵਰਤਣ ਅਤੇ ਅਸ਼ਲੀਲਤਾ ਫੈਲਾਉਣ ਦਾ ਕੋਈ ਹੱਕ ਨਹੀਂ ਹੈ। ਜੋ ਹੁਣ ਹੋਇਆ ਉਹ ਪੰਜ ਸਾਲ ਪਹਿਲਾਂ ਹੋਣਾ ਚਾਹੀਦਾ ਸੀ। ਉਸਨੂੰ ਆਪਣੇ ਪਾਪਾਂ ਦਾ ਨਤੀਜਾ ਮਿਲ ਗਿਆ ਹੈ। ਸਿੱਖਾਂ ਨੇ ਅਣਗਿਣਤ ਕੁਰਬਾਨੀਆਂ ਦਿੱਤੀਆਂ ਹਨ, ਪਰ ਉਸ ਵਰਗੇ ਲੋਕ ਉਨ੍ਹਾਂ ਕੁਰਬਾਨੀਆਂ ਨੂੰ ਢਾਹ ਲਾ ਰਹੇ ਹਨ।’’
ਮਹਿਰੋਂ ਨੇ ਇਹ ਵੀ ਮੰਨਿਆ ਕਿ ਉਸਦੇ ਸਾਥੀਆਂ ਦਾ ਕਤਲ ਕੇਸ ਵਿੱਚ ਨਾਮ ਆਇਆ ਹੈ ਅਤੇ ਉਨ੍ਹਾਂ ਦੀ ਕਾਨੂੰਨੀ ਲੜਾਈ ਲੜਨ ਬਾਰੇ ਵੀ ਕਿਹਾ। ਉਸ ਨੇ ਅੱਗੇ ਕਿਹਾ, "ਸਾਡੀ ਕਾਰ ਵੀ ਜ਼ਬਤ ਕਰ ਲਈ ਗਈ ਹੈ।" ਵੀਡੀਓ ਵਿੱਚ ਅੱਗੇ ਬੋਲਦਿਆਂ ਅੰਮ੍ਰਿਤਪਾਲ ਨੇ ਕਿਹਾ ਕਿ ਉਸ ਦੀ ਟੀਮ ਹੁਣ ਉਨ੍ਹਾਂ ਸਾਰੇ ਇਨਫਲੂਐਂਸਰਾਂ ਤੱਕ ਪਹੁੰਚ ਕਰੇਗੀ ਜੋ ਦੋਹਰੇ ਅਰਥਾਂ ਵਾਲੀ ਸਮੱਗਰੀ, ਅਸ਼ਲੀਲਤਾ ਫੈਲਾਅ ਰਹੇ ਹਨ। ਇਸ ਦੌਰਾਨ ਉਹ ਉਨ੍ਹਾਂ ਨੂੰ ਰੁਕਣ ਦੀ ਅਪੀਲ ਕਰਨਗੇ ਜਾਂ "ਉਨ੍ਹਾਂ ਨੂੰ ਸਬਕ ਸਿਖਾਉਣਗੇ।
ਮਹਿਰੋਂ ਨੇ ਕਿਹਾ, ‘‘ਮੈਂ ਜੋ ਵੀ ਕਹਿੰਦਾ ਹਾਂ, ਉਸ 'ਤੇ ਕਾਇਮ ਰਹਿੰਦਾ ਹਾਂ। ਕੀ ਤੁਹਾਨੂੰ ਉਹ ਵੀਡੀਓਜ਼ ਦੇਖ ਕੇ ਸ਼ਰਮ ਨਹੀਂ ਆਉਂਦੀ? ਕੰਚਨ ਨੇ ਖੁਦ ਇੱਕ ਵਾਰ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਮੇਰੇ ਤੋਂ ਮੁਆਫੀ ਮੰਗੀ ਸੀ। ਉਸ ਨੂੰ ਗੈਂਗਸਟਰਾਂ ਤੋਂ ਧਮਕੀਆਂ ਮਿਲੀਆਂ ਸਨ। ਮੈਂ ਉਸ ਨਾਲ ਭੈਣਾਂ ਵਰਗਾ ਸਲੂਕ ਕੀਤਾ ਸੀ ਅਤੇ ਉਸ ਦੇ ਪਿਤਾ ਦੇ ਕੈਂਸਰ ਦੇ ਇਲਾਜ ਵਿੱਚ ਮਦਦ ਲਈ ਉਸਨੂੰ 1.5 ਲੱਖ ਰੁਪਏ ਵੀ ਦਿੱਤੇ ਸਨ।’’
ਅੰਮ੍ਰਿਤਪਾਲ ਵੱਲੋਂ ਜਾਰੀ ਇਸ ਵੀਡੀਓ ਵਿੱਚ ਪ੍ਰਵਾਸੀਆਂ ਬਾਰੇ ਅਪਮਾਨਜਨਕ ਟਿੱਪਣੀਆਂ ਅਤੇ ਅੰਮ੍ਰਿਤਸਰ ਅਧਾਰਤ ਇੱਕ ਹੋਰ ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੂਥਰਾ ਨੂੰ ਖਾਸ ਸੰਦੇਸ਼ ਵੀ ਸ਼ਾਮਲ ਹੈ, ਜਿਸ ਵਿੱਚ ਉਸਨੂੰ ਅਜਿਹੀ ਸਮੱਗਰੀ ਪੋਸਟ ਕਰਨ ਤੋਂ ਗੁਰੇਜ਼ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ। ਉਸ ਨੇ ਕਿਹਾ, ‘‘ਇੱਕ ਨਹੀਂ, ਬਠਿੰਡਾ ਵਿੱਚ ਬਹੁਤ ਸਾਰੀਆਂ ਪਾਰਕਿੰਗ ਥਾਵਾਂ ਹਨ ਅਤੇ ਇਹ ਜ਼ਰੂਰੀ ਨਹੀਂ ਕਿ ਹਰ ਵਾਰ ਲਾਸ਼ ਮਿਲੇ।’’
ਇਸ ਦੌਰਾਨ ਅਧਿਕਾਰੀਆਂ ਨੇ ਵੀਡੀਓ ਦਾ ਨੋਟਿਸ ਲਿਆ ਹੈ।