ਸ਼ੋਅਰੂਮ ’ਤੇ ਗੋਲੀ ਚਲਾਉਣ ਵਾਲਾ ਮੁੱਖ ਮੁਲਜ਼ਮ ਪੁਲੀਸ ਮੁਠਭੇੜ ’ਚ ਜ਼ਖ਼ਮੀ
ਇੱਥੋਂ ਦੇ ਮੇਨ ਬਾਜ਼ਾਰ ਵਿੱਚ ਪੰਜਾਬ ਵਾਚ ਹਾਊਸ ਸ਼ੋਅਰੂਮ ਤੇ ਬੀਤੀ 17 ਜੁਲਾਈ ਨੂੰ ਗੋਲੀਆਂ ਚਲਾਉਣ ਵਾਲੇ ਦੋ ਨੌਜਵਾਨਾਂ ਵਿੱਚੋਂ ਇੱਕ ਨੂੰ ਪੁਲੀਸ ਨੇ ਮੁੱਠਭੇੜ ਦੌਰਾਨ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲੀਸ ਕਾਰਵਾਈ ਦੌਰਾਨ ਰਾਹੁਲ ਗਿੱਲ ਵਾਸੀ ਗੁਰਦਾਸਪੁਰ ਦੀ ਲੱਤ ਵਿੱਚ ਗੋਲੀ ਲੱਗੀ, ਜਿਸ ਉਪਰੰਤ ਉਸ ਨੂੰ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।
ਐੱਸਐੱਸਪੀ ਗੁਰਦਾਸਪੁਰ ਅਦਿੱਤਿਆ ਨੇ ਦੱਸਿਆ ਕਿ ਅੱਜ ਮੰਗਲਵਾਰ ਤੜਕਸਾਰ ਪੁਲੀਸ ਪਾਰਟੀ ਵੱਲੋਂ ਬੱਬਰੀ ਬਾਈਪਾਸ ਤੇ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਮੋਟਰਸਾਈਕਲ ਨੂੰ ਭਜਾ ਲਿਆ ਕੱਚੇ ਰਸਤੇ ਰਾਹੀਂ ਭੱਜਣ ਦੀ ਕੋਸ਼ਿਸ਼ ਕੀਤੀ।
ਅਧਿਕਾਰੀਆਂ ਨੇ ਦੱਸਿਆ ਕਿ ਪਿੱਛਾ ਕੀਤੇ ਜਾਣ ’ਤੇ ਉਸ ਨੇ ਪੁਲੀਸ ਪਾਰਟੀ ਉੱਪਰ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ ਦੀ ਜਵਾਬੀ ਕਾਰਵਾਈ ਵਿਚ ਮੁਲਜ਼ਮ ਦੀ ਲੱਤ ’ਤੇ ਗੋਲੀ ਲੱਗੀ। ਮੌਕੇ ਤੋਂ ਮੁਲਜ਼ਮ ਕੋਲੋਂ ਇੱਕ ਪਿਸਤੌਲ ਵੀ ਬਰਾਮਦ ਕੀਤਾ ਗਿਆ ਹੈ।
ਪੁਲੀਸ ਅਨੁਸਾਰ ਕਾਬੂ ਕੀਤਾ ਨੌਜਵਾਨ ਰਾਹੁਲ ਵਿੱਗ ਗੁਰਦਾਸਪੁਰ ਦੇ ਇਸਲਾਮਾਬਾਦ ਮੁਹੱਲੇ ਦਾ ਰਹਿਣ ਵਾਲਾ ਹੈ, ਜੋ ਕਿ ਪੰਜਾਬ ਵਾਚ ਹਾਊਸ ਉੱਪਰ ਹੋਈ ਫਾਇਰਿੰਗ ਮਾਮਲੇ ਦਾ ਮੁੱਖ ਮੁਲਜ਼ਮ ਹੈ। ਐੱਸਐੱਸਪੀ ਨੇ ਕਿਹਾ ਕਿ ਦੂਸਰੇ ਫ਼ਰਾਰ ਮੁਲਜ਼ਮ ਬਾਰੇ ਕਾਬੂ ਕੀਤੇ ਗਏ ਰਾਹੁਲ ਤੋਂ ਪੁੱਛਗਿੱਛ ਕੀਤੀ ਜਾਵੇਗੀ ।