ਜਿਊਲਰ ਹਮਲੇ ’ਚ ਮੁੱਖ ਮੁਲਜ਼ਮ ਗ੍ਰਿਫ਼ਤਾਰ
ਪੰਜਾਬ ਪੁਲੀਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ ‘ਏਜੀਟੀਐੱਫ਼’ ਨੇ ਜਿਊਲਰ ਹਮਲੇ ਵਿੱਚ ਸ਼ਾਮਲ ਮੁੱਖ ਸ਼ੂਟਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਜਾਣਕਾਰੀ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦਿੱਤੀ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਜਗਰੌਸ਼ਨ ਸਿੰਘ ਵਾਸੀ ਨੌਸ਼ਹਿਰਾ ਪੰਨੂਆਂ, ਤਰਨਤਾਰਨ ਵਜੋਂ ਹੋਈ ਹੈ ਜਦਕਿ ਮੁਲਜ਼ਮ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਹੈ। ਜਾਣਕਾਰੀ ਅਨੁਸਾਰ 14 ਅਗਸਤ 2025 ਨੂੰ ਸ਼ਾਮ ਛੇ ਵਜੇ ਦੇ ਕਰੀਬ ਫਿਰੋਜ਼ਪੁਰ ਦੇ ਜ਼ੀਰਾ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਨੇ ਜਿਊਲਰੀ ਸ਼ਾਪ ਦੇ ਮਾਲਕ ’ਤੇ ਗੋਲੀਬਾਰੀ ਕੀਤੀ ਸੀ। ਇਸ ਹਮਲੇ ਦੌਰਾਨ ਦੁਕਾਨ ਮਾਲਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਸ਼ੂਟਰਾਂ ਨੇ ਵਿਦੇਸ਼ ਅਧਾਰਤ ਗੈਂਗਸਟਰ ਲਖਬੀਰ ਸਿੰਘ ਉਰਫ਼ ਲੰਡਾ ਦੇ ਇਸ਼ਾਰਿਆਂ ‘ਤੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਹੋਰ ਜਾਂਚ ਜਾਰੀ ਹੈ ਤਾਂ ਜੋ ਇਸ ਪੂਰੇ ਨੈੱਟਵਰਕ ਦਾ ਪਰਦਾਫ਼ਾਸ਼ ਕੀਤਾ ਜਾ ਸਕੇ। ‘ਏਜੀਟੀਐੱਫ਼ ਦੇ ਏਡੀਜੀਪੀ ਪ੍ਰਮੋਦ ਬਾਨ ਨੇ ਦੱਸਿਆ ਕਿ ਏਜੀਟੀਐੱਫ਼ ਦੀਆਂ ਪੁਲੀਸ ਟੀਮਾਂ ਨੇ ਜ਼ੀਰਾ ਦੇ ਪਿੰਡ ਮਨਸੂਰ ਦੇਵਾ ਵਿੱਚ ਝਤਰਾ ਰੋਡ ’ਤੇ ਨਹਿਰ ਦੇ ਪੁਲ ਤੋਂ ਦੋਸ਼ੀ ਜਗਰੌਸ਼ਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਏਡੀਜੀਪੀ ਨੇ ਦੱਸਿਆ ਕਿ ਜਗਰੌਸ਼ਨ ਜਿਊਲਰ ਹਮਲੇ ਸਬੰਧੀ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਤੀਜਾ ਦੋਸ਼ੀ ਹੈ ਅਤੇ ਉਹ ਇਸ ਹਮਲੇ ਵਿੱਚ ਮੁੱਖ ਸ਼ੂਟਰ ਸੀ। ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਪਹਿਲਾਂ ਦੋ ਹੋਰ ਦੋਸ਼ੀਆਂ ਜਿਨ੍ਹਾਂ ਦੀ ਪਛਾਣ ਹਰਜੀਤ ਉਰਫ਼ ਜੀਤਾ ਅਤੇ ਸਨਮੁਖ ਉਰਫ਼ ਸੰਨੀ ਵਜੋਂ ਹੋਈ ਹੈ, ਨੂੰ ਏਜੀਟੀਐੱਫ਼ ਨੇ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਹੈ।