ਇੱਥੋਂ ਦਾ ਰਮਨਦੀਪ ਸਿੰਘ ਗਿੱਲ (40) ਆਪਣੇ ਚੰਗੇ ਭਵਿੱਖ ਲਈ ਕੁਝ ਸਾਲ ਪਹਿਲਾਂ ਕੈਨੇਡਾ ਗਿਆ ਸੀ, ਜਿੱਥੇ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਰਮਨਦੀਪ ਸਿੰਘ ਗਿੱਲ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਆਪਣਾ ਕਾਰੋਬਾਰ ਕਰਦਾ ਸੀ। 12 ਸਤੰਬਰ ਨੂੰ ਉਸ ਨੂੰ ਛਾਤੀ ਵਿੱਚ ਦਰਦ ਹੋਣ ’ਤੇ ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਡਾਕਟਰਾਂ ਨੇ ਉਸ ਦੇ ਦਿਲ ਦਾ ਅਪਰੇਸ਼ਨ ਕਰ ਦਿੱਤਾ। ਇਲਾਜ ਦੌਰਾਨ ਹੀ ਦੋ ਦਿਨਾਂ ਮਗਰੋਂ ਦੁਬਾਰਾ ਪਿਆ ਦਿਲ ਦਾ ਦੌਰਾ ਉਸ ਲਈ ਜਾਨਲੇਵਾ ਸਾਬਿਤ ਹੋਇਆ। ਰਮਨਦੀਪ ਸਿੰਘ ਗਿੱਲ ਦੇ ਪਰਿਵਾਰ ਵਿੱਚ ਪਤਨੀ ਤੇ ਦੋ ਬੱਚੇ ਹਨ। ਉਸ ਦਾ ਭਰਾ ਤਰਨ ਗਿੱਲ ਅਤੇ ਹੋਰ ਪਰਿਵਾਰਕ ਮੈਂਬਰ ਵੀ ਕੈਨੇਡਾ ਵਿੱਚ ਹੀ ਰਹਿੰਦੇ ਹਨ। ਰਮਨਦੀਪ ਸਿੰਘ ਵਿਦੇਸ਼ ਰਹਿੰਦਾ ਹੋਇਆ ਵੀ ਆਪਣੀ ਜਨਮ ਭੂਮੀ ਨਾਲ ਜੁੜਿਆ ਹੋਇਆ ਸੀ।