ਚਰਨਜੀਤ ਭੁੱਲਰਚੰਡੀਗੜ੍ਹ, 22 ਜੂਨ
ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੀ ਉਪ ਚੋਣ ਦੇ ਨਤੀਜੇ 23 ਜੂਨ ਨੂੰ ਆਉਣਗੇ ਜਿਸ ਨਾਲ ਚੋਣ ਮੈਦਾਨ ’ਚ ਉਤਰੇ 14 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਹੋਵੇਗਾ ਜਿਨ੍ਹਾਂ ’ਚ ਇੱਕ ਮਹਿਲਾ ਉਮੀਦਵਾਰ ਵੀ ਸ਼ਾਮਲ ਹੈ। ਲੁਧਿਆਣਾ ਦੇ ਜ਼ਿਲ੍ਹਾ ਚੋਣ ਪ੍ਰਸ਼ਾਸਨ ਨੇ ਵੋਟਾਂ ਦੀ ਗਿਣਤੀ ਲਈ ਸਮੁੱਚੇ ਪ੍ਰਬੰਧ ਮੁਕੰਮਲ ਕਰ ਲਏ ਹਨ। ਅਗਾਮੀ ਵਿਧਾਨ ਸਭਾ ਚੋਣਾਂ 2027 ਤੋਂ ਪਹਿਲਾਂ ਦਾ ਇਹ ਚੋਣ ਨਤੀਜਾ ਸਿਆਸੀ ਪਾਰਟੀਆਂ ਦਾ ਭਵਿੱਖ ਤੈਅ ਕਰੇਗਾ।
‘ਆਪ’ ਉਮੀਦਵਾਰ ਸੰਜੀਵ ਅਰੋੜਾ ਦੀ ਵਿਧਾਨ ਸਭਾ ਦੀ ਇਹ ਪਹਿਲੀ ਚੋਣ ਹੈ ਜਦਕਿ ਕਾਂਗਰਸ ਉਮੀਦਵਾਰ ਭਾਰਤ ਭੂਸ਼ਨ ਆਸ਼ੂ ਇਸ ਹਲਕੇ ਤੋਂ ਪਹਿਲਾਂ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ। ਜੇ ਸੰਜੀਵ ਅਰੋੜਾ ਦੀ ਝੋਲੀ ਜਿੱਤ ਪੈਂਦੀ ਹੈ ਤਾਂ ਪੰਜਾਬ ’ਚ ਰਾਜ ਸਭਾ ਦੀ ਇੱਕ ਸੀਟ ਖਾਲੀ ਹੋਣ ਦਾ ਰਾਹ ਪੱਧਰਾ ਹੋ ਜਾਣਾ ਹੈ। ਸਮੁੱਚੇ ਪੰਜਾਬ ਦੀ ਨਜ਼ਰ ਭਲਕੇ ਆਉਣ ਵਾਲੇ ਚੋਣ ਨਤੀਜੇ ’ਤੇ ਲੱਗੀ ਹੋਈ ਹੈ। ਲੁਧਿਆਣਾ ਦੇ ਖ਼ਾਲਸਾ ਕਾਲਜ (ਲੜਕੀਆਂ) ’ਚ ਭਲਕੇ ਸਵੇਰੇ ਅੱਠ ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ ਤੇ ਗਿਣਤੀ 14 ਗੇੜਾਂ ਵਿੱਚ ਹੋਵੇਗੀ। ਅੱਜ ਜਨਰਲ ਅਬਜ਼ਰਵਰ ਰਾਜੀਵ ਕੁਮਾਰ ਅਤੇ ਜ਼ਿਲ੍ਹਾ ਚੋਣ ਅਫ਼ਸਰ ਹਿਮਾਂਸ਼ੂ ਜੈਨ ਨੇ ਵੋਟਾਂ ਦੀ ਗਿਣਤੀ ਦੇ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ। ਵੋਟਾਂ ਦੀ ਗਿਣਤੀ ਲਈ 14 ਟੇਬਲ ਲਗਾਏ ਗਏ ਹਨ ਅਤੇ ਦੋ ਵਾਧੂ ਟੇਬਲ ਵੀ ਲਾਏ ਗਏ ਹਨ। ਭਲਕੇ ਦੇ ਚੋਣ ਨਤੀਜੇ ਮੌਜੂਦਾ ‘ਆਪ’ ਸਰਕਾਰ ਦੀ ਕਾਰਗੁਜ਼ਾਰੀ ਦਾ ਪ੍ਰਗਟਾਵਾ ਵੀ ਬਣਨਗੇ।
‘ਆਪ’ ਸਰਕਾਰ ਦੇ ਕਾਰਜਕਾਲ ਦੌਰਾਨ ਇਹ ਵਿਧਾਨ ਸਭਾ ਦੀ ਛੇਵੀਂ ਉਪ ਚੋਣ ਹੈ। ਇਸ ਤੋਂ ਪਹਿਲਾਂ ਵਿਧਾਨ ਸਭਾ ਦੀਆਂ ਹੋਈਆਂ ਪੰਜ ਹਲਕਿਆਂ ਦੀਆਂ ਉਪ ਚੋਣਾਂ ’ਚੋਂ ਚਾਰ ਹਲਕਿਆਂ ’ਤੇ ‘ਆਪ’ ਜੇਤੂ ਰਹੀ ਹੈ ਜਦਕਿ ਇੱਕ ਸੀਟ ਕਾਂਗਰਸ ਦੀ ਝੋਲੀ ਪਈ ਹੈ। 19 ਜੂਨ ਨੂੰ ਲੁਧਿਆਣਾ ਪੱਛਮੀ ’ਚ 51.33 ਫ਼ੀਸਦੀ ਵੋਟਰਾਂ ਨੇ ਆਪਣੇ ਸਿਆਸੀ ਹੱਕ ਦਾ ਇਸਤੇਮਾਲ ਕੀਤਾ ਸੀ। ਇਸ ਹਲਕੇ ਦੇ ਕੁੱਲ 1,75,469 ਵੋਟਰਾਂ ’ਚੋਂ 90,060 ਵੋਟਾਂ ਪੋਲ ਹੋਈਆਂ ਸਨ। ਇਸ ਹਲਕੇ ਵਿੱਚ ਔਰਤਾਂ ਨੇ ਸਭ ਤੋਂ ਵੱਧ 55.31 ਫ਼ੀਸਦੀ ਵੋਟਾਂ ਪਾਈਆਂ ਜਦਕਿ ਪੁਰਸ਼ਾਂ ਦੀ ਪੋਲਿੰਗ ਦਰ 47.12 ਫ਼ੀਸਦੀ ਰਹੀ ਸੀ। ਭਾਜਪਾ ਦੇ ਉਮੀਦਵਾਰ ਜੀਵਨ ਗੁਪਤਾ ਦੀ ਪਿੱਠ ’ਤੇ ਚੋਣ ਪ੍ਰਚਾਰ ਦੌਰਾਨ ਕੇਂਦਰੀ ਮੰਤਰੀ ਉੱਤਰੇ ਸਨ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਪੂਰਾ ਤਾਣ ਲਾਇਆ।
ਲੁਧਿਆਣਾ ਪੱਛਮੀ ਨਿਰੋਲ ਸ਼ਹਿਰੀ ਇਲਾਕਾ ਹੈ ਅਤੇ ਭਲਕੇ ਦੇ ਨਤੀਜੇ ਸ਼ਹਿਰੀ ਖ਼ਿੱਤੇ ਦੇ ਰੁਝਾਨ ਦਾ ਪ੍ਰਗਟਾਵਾ ਵੀ ਕਰਨਗੇ। ‘ਆਪ’ ਸਰਕਾਰ ਨੇ ਸਮੁੱਚੀ ਤਾਕਤ ਇਸ ਹਲਕੇ ਵਿੱਚ ਝੋਕੀ ਹੋਈ ਸੀ। ਉਪ ਚੋਣ ਦੌਰਾਨ ਕਾਂਗਰਸ ਨੇ ਵੀ ਆਪਣੀ ਧੜੇਬੰਦੀ ਜੱਗ ਜ਼ਾਹਰ ਕਰਨ ’ਚ ਕੋਈ ਗੁਰੇਜ਼ ਨਹੀਂ ਕੀਤਾ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਦੀ ਹਮਾਇਤ ਵਿੱਚ ਆਖ਼ਰੀ ਦਿਨਾਂ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰੋਡ ਸ਼ੋਅ ਕੀਤਾ ਸੀ।
ਸੁਖਬੀਰ ਸਿੰਘ ਬਾਦਲ ਦੇ ਮੁੜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣਨ ਮਗਰੋਂ ਇਹ ਪਹਿਲੀ ਜ਼ਿਮਨੀ ਚੋਣ ਹੈ ਜਿਸ ਕਰਕੇ ਇਸ ਚੋਣ ਦਾ ਨਤੀਜਾ ਪਾਰਟੀ ਪ੍ਰਧਾਨ ਬਾਦਲ ਲਈ ਕਾਫੀ ਅਹਿਮ ਹੋਵੇਗਾ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਭਵਿੱਖ ਵੀ ਇਸ ਚੋਣ ਨਾਲ ਜੁੜਿਆ ਹੋਇਆ ਹੈ। ਜੇ ਕਾਂਗਰਸ ਇਸ ਹਲਕੇ ਦੇ ਨਤੀਜੇ ਵਿੱਚ ਪੱਛੜਦੀ ਹੈ ਤਾਂ ਕਾਂਗਰਸ ਵਿਚਲੀ ਪਾਟੋਧਾੜ ਹੋਰ ਤੇਜ਼ ਹੋਵੇਗੀ ਅਤੇ ਜੇ ਕਾਂਗਰਸ ਹੱਥ ਸਫਲਤਾ ਲੱਗਦੀ ਹੈ ਤਾਂ ਕਾਂਗਰਸ ਵਿੱਚ ਇੱਕ ਧੜਾ ਮਜ਼ਬੂਤ ਹੋ ਜਾਵੇਗਾ।