ਲੁਧਿਆਣਾ: ਬੋਰੀ ਵਿੱਚ ਲਾਸ਼ ਸੁੱਟਣ ਆਏ ਦੋ ਵਿਅਕਤੀ ਮੋਟਰਸਾਈਕਲ ਛੱਡ ਕੇ ਫਰਾਰ
ਬੋਰੀ ਵਿੱਚੋਂ ਬਦਬੂ ਆਉਣ ’ਤੇ ਸਥਾਨਕ ਲੋਕਾਂ ਨੇ ਘੇਰਿਆ
Advertisement
ਨਿਖਿਲ ਭਾਰਦਵਾਜ
ਲੁਧਿਆਣਾ, 9 ਜੁਲਾਈ
Advertisement
ਲੁਧਿਆਣਾ ’ਚ ਬੁੱਧਵਾਰ ਨੂੰ ਫਿਰੋਜ਼ਪੁਰ ਰੋਡ ’ਤੇ ਡਿਵਾਈਡਰ ਤੇ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੂੰ ਇੱਕ ਬੋਰੀ, ਜਿਸ ਵਿੱਚ ਬਾਅਦ ਵਿੱਚ ਇੱਕ ਔਰਤ ਦੀ ਲਾਸ਼ ਮਿਲੀ, ਸੁੱਟਦੇ ਹੋਏ ਦੇਖਿਆ ਗਿਆ। ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਦੋ ਵਿਅਕਤੀ ਇੱਕ ਇੱਕ ਬੋਰੀ ਸੁੱਟਣ ਲਈ ਆਏ ਅਤੇ ਇਸ ਦੌਰਾਨ ਸੜਕ ਕਿਨਾਰੇ ਖੜ੍ਹੇ ਵਿਕਰੇਤਾ ਨੇ ਉਨ੍ਹਾਂ ਨੂੰ ਬੋਰੀ ਵਿੱਚੋਂ ਆ ਰਹੀ ਬਦਬੂ ਬਾਰੇ ਬਾਰੇ ਸਵਾਲ ਕੀਤਾ, ਤਾਂ ਦੋਵਾਂ ਨੇ ਕਿਹਾ ਕਿ ਉਹ ਸਿਰਫ਼ ਸੜੇ ਹੋਏ ਅੰਬ ਸੁੱਟ ਰਹੇ ਸਨ।
ਹਾਲਾਂਕਿ, ਉੱਥੇ ਮੌਜੂਦ ਵਿਅਕਤੀਆਂ ਨੇ ਬੋਰੀ ਦੀ ਜਾਂਚ ਕੀਤੀ ਤਾਂ ਉਸ ਵਿਚ ਇੱਕ ਨੌਜਵਾਨ ਔਰਤ ਦੀ ਲਾਸ਼ ਮਿਲੀ। ਜਿਸ ਬਾਰੇ ਉਨ੍ਹਾਂ ਨੇ ਤੁਰੰਤ ਪੁਲੀਸ ਨੂੰ ਸੂਚਨਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਇੱਕ ਸ਼ੱਕੀ ਨੇ ਇੱਕ ਨਿੱਜੀ ਸੁਰੱਖਿਆ ਏਜੰਸੀ ਦੀ ਵਰਦੀ ਪਾਈ ਹੋਈ ਸੀ। ਕਈ ਚਸ਼ਮਦੀਦਾਂ ਨੇ ਦੋਵਾਂ ਵਿਅਕਤੀਆਂ ਦੀਆਂ ਵੀਡੀਓਜ਼ ਵੀ ਰਿਕਾਰਡ ਕੀਤੀਆਂ ਜਦੋਂ ਉਹ ਬੋਰੀ ਸੁੱਟ ਰਹੇ ਸਨ।
ਜਾਣਕਾਰੀ ਅਨੁਸਾਰ ਜਦੋਂ ਤੱਕ ਪੁਲੀਸ ਕਰਮਚਾਰੀ ਮੌਕੇ ’ਤੇ ਪਹੁੰਚੇ, ਉਦੋਂ ਤੱਕ ਦੋਵੇਂ ਫਰਾਰ ਹੋ ਚੁੱਕੇ ਸਨ। ਪਰ ਉੱਥੋਂ ਫਰਾਰ ਹੋਣ ਮੌਕੇ ਉਹ ਆਪਣੀ ਨੀਲੇ ਰੰਗ ਦਾ ਮੋਟਰਸਾਈਕਲ (ਰਜਿਸਟ੍ਰੇਸ਼ਨ ਨੰਬਰ PB10CE7668) ਪਿੱਛੇ ਛੱਡ ਗਏ ਸਨ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਲਾਸ਼ ਦੇ ਨੱਕ ਵਿੱਚੋਂ ਖੂਨ ਵਹਿ ਰਿਹਾ ਸੀ ਅਤੇ ਮ੍ਰਿਤਕ ਦੀ ਪਛਾਣ ਕਰਨ ਦੇ ਯਤਨ ਜਾਰੀ ਹਨ।
ਆਰਤੀ ਚੌਕ ਨੇੜੇ ਸੜਕ ਕਿਨਾਰੇ ਖੜ੍ਹਦੇ ਵਿਕਰੇਤਾ ਜੀਵਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ, ‘‘ਮੈਂ ਦੋ ਵਿਅਕਤੀਆਂ ਨੂੰ ਮੋਟਰਸਾਈਕਲ ਰੋਕ ਕੇ ਬੋਰੀ ਨੂੰ ਡਿਵਾਈਡਰ ’ਤੇ ਸੁੱਟਦੇ ਦੇਖਿਆ। ਤੇਜ਼ ਬਦਬੂ ਆਉਣ ਕਾਰਨ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਇਹ ਕੀ ਹੈ। ਉਨ੍ਹਾਂ ਕਿਹਾ ਕਿ ਉਹ ਸੜੇ ਹੋਏ ਅੰਬ ਸੁੱਟਣ ਆਏ ਸਨ। ਉਨ੍ਹਾਂ ਦਾ ਵਿਵਹਾਰ ਸ਼ੱਕੀ ਲੱਗਿਆ, ਇਸ ਲਈ ਅਸੀਂ ਉਨ੍ਹਾਂ ਨੂੰ ਰੋਕਿਆ ਅਤੇ ਇੱਕ ਵੀਡੀਓ ਰਿਕਾਰਡ ਕਰਨਾ ਸ਼ੁਰੂ ਕਰ ਦਿੱਤਾ। ਬੋਰੀ ਚੁੱਕਣ ਵਾਲਾ ਸੁਰੱਖਿਆ ਗਾਰਡ ਦੀ ਨੀਲੀ ਵਰਦੀ ਵਿੱਚ ਸੀ।’’ ਉਸ ਨੇ ਦੱਸਿਆ, ‘‘ਜਦੋਂ ਅਸੀਂ ਵੀਡੀਓ ਬਣਾਉਣੀ ਸ਼ੁਰੂ ਕੀਤੀ, ਤਾਂ ਉਨ੍ਹਾਂ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਅਤੇ ਫਿਰ ਅਚਾਨਕ ਮੋਟਰਸਾਈਕਲ ਛੱਡ ਕੇ ਫਰਾਰ ਹੋ ਗਏ। ਜਦੋਂ ਅਸੀਂ ਬੋਰੀ ਖੋਲ੍ਹੀ, ਤਾਂ ਅੰਦਰ ਇੱਕ ਔਰਤ ਦੀ ਲਾਸ਼ ਮਿਲੀ।’’
ਸਬ-ਇੰਸਪੈਕਟਰ ਅਮਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਸ਼ੱਕੀਆਂ ਦੀਆਂ ਤਸਵੀਰਾਂ ਪ੍ਰਾਪਤ ਕਰ ਲਈਆਂ ਹਨ ਅਤੇ ਔਰਤ ਦੀ ਪਛਾਣ ਕਰਨ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ੱਕੀ ਅਤੇ ਪੀੜਤਾ ਪਰਵਾਸੀ ਜਾਪਦੇ ਹਨ।
Advertisement
×