ਸੰਤੋਖ ਗਿੱਲ
ਗੁਰੂਸਰ ਸੁਧਾਰ, 23 ਜੂਨ
ਇੱਥੇ ਪਿੰਡ ਮੋਹੀ ਦੇ ਇੱਕ ਖ਼ਾਲੀ ਪਲਾਟ ’ਚੋਂ ਸ਼ੱਕੀ ਹਾਲਾਤ ’ਚ ਕਾਰ ਮਿਲੀ ਹੈ। ਇਸ ਦੇ ਮਿਲਣ ਤੋਂ ਬਾਅਦ ਲੁਧਿਆਣਾ (ਦਿਹਾਤੀ) ਪੁਲੀਸ ਕਾਰ ਦੇ ਡਰਾਈਵਰ ਅਤੇ ਇਸ ਕਾਰ ਨੂੰ ਕਿਰਾਏ 'ਤੇ ਲੈ ਕੇ ਲੁਧਿਆਣਾ ਤੋਂ ਤੜਕਸਾਰ ਪੌਣੇ ਤਿੰਨ ਵਜੇ ਨਿਕਲੇ ਦੋ ਨੌਜਵਾਨਾਂ ਦੀ ਭਾਲ ਵਿੱਚ ਜੁੱਟ ਗਈ ਹੈ। ਥਾਣਾ ਸੁਧਾਰ ਦੀ ਪੁਲੀਸ ਨੇ ਕਾਰ ਬਰਾਮਦ ਕਰ ਲਈ ਹੈ ਅਤੇ ਫੋਰੈਂਸਿਕ ਮਾਹਰਾਂ ਦੀ ਟੀਮ ਜਾਂਚ ਵਿੱਚ ਜੁੱਟੀ ਹੈ।
ਪਿੰਡ ਮੋਹੀ ਦੇ ਮੁੱਢਲਾ ਸਿਹਤ ਕੇਂਦਰ ਲਾਗਿਓਂ ਖ਼ਾਲੀ ਪਲਾਟ ਵਿੱਚੋਂ ਮਿਲੀ ਸਵਿਫ਼ਟ ਡਿਜ਼ਾਇਰ ਕਾਰ ਦਾ ਮਾਲਕ ਅਤੇ ਡਰਾਈਵਰ ਗੁਰਮੀਤ ਸਿੰਘ ਪੁੱਤਰ ਜੁਗਿੰਦਰ ਸਿੰਘ ਬੱਦੋਵਾਲ ਦਾ ਰਹਿਣ ਵਾਲਾ ਹੈ ਅਤੇ ਲੁਧਿਆਣਾ ਦੇ ਗਰੈਂਡਵਾਕ ਮਾਲ ਨੇੜਿਓਂ ਦੋ ਨੌਜਵਾਨ ਉਸ ਦੀ ਕਾਰ ਕਿਰਾਏ ਉਪਰ ਲੈ ਕੇ ਤੜਕਸਾਰ ਮੁੱਲਾਂਪੁਰ ਵੱਲ ਨਿਕਲੇ ਸੀ। ਉਕਤ ਲੁਟੇਰੇ ਰਾਹ ਵਿੱਚ ਘਿਨੌਣੀ ਵਾਰਦਾਤ ਕਰਨ ਉਪਰੰਤ ਹਾਲੇ ਤੱਕ ਫ਼ਰਾਰ ਹਨ ਅਤੇ ਡਰਾਈਵਰ ਬਾਰੇ ਹਾਲੇ ਤੱਕ ਕੁਝ ਵੀ ਪਤਾ ਨਹੀਂ ਲੱਗਿਆ ਹੈ।
ਲੁਧਿਆਣਾ (ਦਿਹਾਤੀ) ਦੀ ਪੁਲੀਸ ਕਪਤਾਨ (ਜਾਂਚ) ਹਰਕੰਵਲ ਕੌਰ ਅਤੇ ਥਾਣਾ ਸੁਧਾਰ ਦੇ ਐੱਸਐੱਚਓ ਜਸਵਿੰਦਰ ਸਿੰਘ ਫੋਰੈਂਸਿਕ ਅਤੇ ਹੋਰ ਤਕਨੀਕੀ ਟੀਮਾਂ ਨਾਲ ਘਟਨਾ ਦੀ ਜਾਂਚ ਵਿੱਚ ਰੁੱਝੇ ਹੋਏ ਹਨ।
ਕਾਰ ਦੀਆਂ ਸੀਟਾਂ ਸਮੇਤ ਹੋਰ ਥਾਵਾਂ ਉੱਪਰ ਖ਼ੂਨ ਖਿੱਲਰਿਆ ਹੋਇਆ ਹੈ, ਜਿਸ ਕਾਰਨ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਕਾਰ ਕਿਰਾਏ 'ਤੇ ਲੈਣ ਵਾਲੇ ਦੋਵੇਂ ਨੌਜਵਾਨਾਂ ਨੇ ਗੁਰਮੀਤ ਸਿੰਘ ਨੂੰ ਗੰਭੀਰ ਜ਼ਖ਼ਮੀ ਕਰਨ ਬਾਅਦ ਕਿਤੇ ਸੁੱਟ ਦਿੱਤਾ ਹੈ ਅਤੇ ਕਾਰ ਲੁੱਟ ਕੇ ਫ਼ਰਾਰ ਹੋ ਗਏ ਸਨ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਰ ਦੇ ਮਾਲਕ ਅਤੇ ਡਰਾਈਵਰ ਗੁਰਮੀਤ ਸਿੰਘ ਨੇ ਸ਼ੱਕ ਹੋਣ 'ਤੇ ਆਪਣੇ ਡਰਾਈਵਰ ਦੋਸਤਾਂ ਨੂੰ ਫ਼ੋਨ ਕੀਤਾ ਅਤੇ ਖ਼ਤਰੇ ਬਾਰੇ ਦੱਸਿਆ। ਕੁਝ ਟੈਕਸੀ ਡਰਾਈਵਰ ਮੁੱਲਾਂਪੁਰ ਵੱਲ ਗੱਡੀ ਦਾ ਪਿੱਛਾ ਕਰਨ ਲਈ ਨਿਕਲੇ ਤਾਂ ਲੁਟੇਰਿਆਂ ਨੇ ਕਾਰ ਦੀਆਂ ਨੰਬਰ ਪਲੇਟਾਂ ਲਾਹ ਕੇ ਕਾਰ ਮੁੱਲਾਂਪੁਰ ਤੋਂ ਰਾਏਕੋਟ ਵੱਲ ਹਾਈਵੇ ਉੱਪਰ ਭਜਾ ਲਈ ਸੀ।
ਕਾਰ ਦੀ ਨੰਬਰ ਪਲੇਟ ਨਾ ਹੋਣ ਦੇ ਬਾਵਜੂਦ ਟੈਕਸੀ ਡਰਾਈਵਰਾਂ ਨੇ ਗੁਰਮੀਤ ਸਿੰਘ ਦੀ ਕਾਰ ਪਛਾਣ ਕੇ ਉਸ ਦਾ ਪਿੱਛਾ ਸ਼ੁਰੂ ਕਰ ਦਿੱਤਾ। ਲੁਟੇਰੇ ਕਾਰ ਨੂੰ ਹਿੱਸੋਵਾਲ ਪਿੰਡ ਹੁੰਦੇ ਹੋਏ ਮੋਹੀ ਵੱਲ ਲੈ ਗਏ ਅਤੇ ਮੋਹੀ ਦੇ ਇੱਕ ਖ਼ਾਲੀ ਪਲਾਟ ਵਿੱਚ ਕਾਰ ਖੜ੍ਹੀ ਕਰ ਕੇ ਖਿਸਕ ਗਏ।