ਲੁਧਿਆਣਾ ਤੋਂ ਵਿਧਾਇਕ ਰਜਿੰਦਰ ਕੌਰ ਛੀਨਾ ਦੀ ਕਾਰ ਖਨੌਰੀ ਨੇੇੜੇ ਡਿਵਾਈਡਰ ਨਾਲ ਟਕਰਾਈ
ਵਿਧਾਇਕਾ ਪਰਿਵਾਰ ਸਣੇ ਦਿੱਲੀ ਹਵਾਈ ਅੱਡੇ ਤੋਂ ਵਾਪਸ ਆ ਰਹੀ ਸੀ; ਵਿਧਾਇਕਾ ਦੇ ਮੂੰਹ ’ਤੇ ਲੱਗੀਆਂ ਸੱਟਾਂ; ਲੁਧਿਆਣਾ ਡੀਐੱਮਸੀ ਰੈਫਰ
ਦਿੱਲੀ ਤੋਂ ਲੁਧਿਆਣਾ ਆ ਰਹੀ ਆਮ ਆਦਮੀ ਪਾਰਟੀ ਦੀ ਵਿਧਾਇਕਾ ਰਜਿੰਦਰ ਕੌਰ ਛੀਨਾ ਦੀ ਕਾਰ ਅੱਜ ਤੜਕੇ ਖਨੌਰੀ ਬਾਰਡਰ ਨਜ਼ਦੀਕ ਹਾਦਸੇ ਦਾ ਸ਼ਿਕਾਰ ਹੋ ਗਈ।
ਵਿਧਾਇਕਾ ਆਪਣੀ ਸਰਕਾਰੀ ਇਨੋਵਾ ਕਾਰ ਵਿਚ ਦਿੱਲੀ ਹਵਾਈ ਅੱਡੇ ਤੋਂ ਵਾਪਸ ਆ ਰਹੀ ਸੀ। ਚਸ਼ਮਦੀਦਾਂ ਨੇ ਦੱਸਿਆ ਕਿ ਕਾਰ ਡਿਵਾਈਡਰ ਨਾਲ ਟਕਰਾ ਗਈ, ਜਿਸ ਕਰਕੇ ਇਹ ਹਾਦਸਾ ਵਾਪਰਿਆ। ਹਾਦਸੇ ਵਿਚ ਕਾਰ ਸਵਾਰ ਵਿਧਾਇਕਾ ਰਜਿੰਦਰ ਕੌਰ ਛੀਨਾ ਸਣੇ ਚਾਰ ਲੋਕ ਜ਼ਖ਼ਮੀ ਹੋਏ ਹਨ।
ਇਨ੍ਹਾਂ ਨੂੰ ਪਹਿਲਾਂ ਹਰਿਆਣਾ ਦੇ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੋਂ ਮੁੱਢਲੀ ਮੈਡੀਕਲ ਸਹਾਇਤਾ ਦੇਣ ਮਗਰੋਂ ਉਨ੍ਹਾਂ ਨੂੰ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ ਵਿਧਾਇਕ ਛੀਨਾ ਪਿਛਲੇ ਦਿਨੀਂ ਅਮਰੀਕਾ ਦੇ ਦੌਰੇ ’ਤੇ ਗਏ ਸਨ। ਬੀਤੀ ਰਾਤ ਹਵਾਈ ਅੱਡੇ ’ਤੇ ਉਤਰਣ ਤੋਂ ਬਾਅਦ ਅੱਜ ਤੜਕੇ ਉਹ ਲੁਧਿਆਣਾ ਵਾਪਸ ਪਰਤ ਰਹੇ ਸਨ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪਤੀ, ਪੁੱਤਰ ਤੇ ਗੰਨਮੈਨ ਅਤੇ ਡਰਾਈਵਰ ਸੀ।
ਦੱਸਿਆ ਜਾ ਰਿਹਾ ਹੈ ਕਿ ਖਨੌਰੀ ਬਾਰਡਰ ਨੇੜੇ ਇੱਕ ਮੋਟਰਸਾਈਕਲ ਸਵਾਰ ਉਨ੍ਹਾਂ ਦੀ ਕਾਰ ਦੇ ਸਾਹਮਣੇ ਆ ਗਿਆ, ਜਿਸ ਕਾਰਨ ਕਾਰ ਦਾ ਸੰਤੁਲਣ ਵਿਗੜ ਗਿਆ ਅਤੇ ਕਾਰ ਡਿਵਾਈਡਰ ਨਾਲ ਜਾ ਟਕਰਾਈ।