Punjab News: ਲੁਧਿਆਣਾ: ਪਰਵਾਸੀ ਦੀ ਗੋਲੀ ਮਾਰ ਕੇ ਹੱਤਿਆ
Punjab News: ਕਰਿਆਨੇ ਦੀ ਦੁਕਾਨ ਚਲਾਉਂਦਾ ਸੀ ਮੋਨੂੰ ਕੁਮਾਰ; ਪੁਰਾਣੀ ਰੰਜਿਸ਼ ਕਾਰਨ ਹੋਈ ਲੜਾਈ
Advertisement
Punjab News: ਸਨਅਤੀ ਸ਼ਹਿਰ ਦੇ ਮੋਤੀ ਨਗਰ ਇਲਾਕੇ ਵਿੱਚ ਸਥਿਤ ਫੌਜੀ ਕਲੋਨੀ ਵਿੱਚ ਮੂਰਤੀ ਪੂਜਾ ਦੌਰਾਨ ਕੁਝ ਨੌਜਵਾਨਾਂ ਨੇ ਪੁਰਾਣੀ ਰੰਜਿਸ਼ ਦੇ ਚਲਦਿਆਂ ਇੱਕ ਨੌਜਵਾਨ ਨੂੰ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ ਅਤੇ ਬਾਅਦ ਵਿੱਚ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਇਸ ਦੌਰਾਨ ਮੁਲਜ਼ਮਾਂ ਨੇ ਨੌਜਵਾਨ ਦੇ ਮਾਮੇ ਨੂੰ ਵੀ ਕੁੱਟਮਾਰ ਕਰਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਏ।
ਇਸ ਘਟਨਾ ਦੌਰਾਨ ਆਸ-ਪਾਸ ਦੇ ਲੋਕਾਂ ਨੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਮੋਨੂੰ ਕੁਮਾਰ (20) ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਥਾਣਾ ਮੋਤੀ ਨਗਰ ਦੇ ਸੀਨੀਅਰ ਅਧਿਕਾਰੀਆਂ ਨੇ ਪੁਲੀਸ ਪਾਰਟੀ ਸਮੇਤ ਪੁੱਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲੀਸ ਨੇ ਇਸ ਮਾਮਲੇ ਵਿੱਚ ਕਤਲ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਜਾਣਕਾਰੀ ਮੁਤਾਬਕ ਮੋਨੂੰ ਕੁਮਾਰ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਦਾ ਰਹਿਣ ਵਾਲਾ ਹੈ ਅਤੇ ਇੱਥੇ ਇੱਕ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ। ਉਸ ਦੀ ਮੁਲਜ਼ਮ ਪੱਪੂ, ਪਵਨ ਅਤੇ ਸੌਰਭ ਨਾਲ ਕਾਫ਼ੀ ਪੁਰਾਣੀ ਰੰਜਿਸ਼ ਹੈ। ਮੋਨੂੰ ਦੇ ਘਰ ਦੇ ਨੇੜੇ ਫੌਜੀ ਕਲੋਨੀ ਵਿੱਚ ਇੱਕ ਮੂਰਤੀ ਪੂਜਾ ਸਮਾਗਮ ਹੋ ਰਿਹਾ ਇਸ ਦੌਰਾਨ ਮੁਲਜ਼ਮਾਂ ਨੇ ਜਾਣਬੁੱਝ ਕੇ ਉਥੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਜਦੋਂ ਮੋਨੂੰ ਨੇ ਉਨ੍ਹਾਂ ਨੂੰ ਰੋਕਿਆ, ਤਾਂ ਝਗੜਾ ਹੋ ਗਿਆ।
ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਮੋਨੂੰ ਨਾਲ ਕੁੱਟਮਾਰ ਕੀਤੀ ਅਤੇ ਜਦੋਂ ਪਰਿਵਾਰ ਦੇ ਲੋਕ ਦਖਲ ਦੇਣ ਲੱਗੇ , ਤਾਂ ਉਨ੍ਹਾਂ ਨੇ ਗੋਲੀ ਚਲਾ ਦਿੱਤੀ। ਇਸ ਦੌਰਾਨ ਮੋਨੂੰ ਦਾ ਮਾਮਾ ਗੁੱਡੂ ਪਹੁੰਚਿਆ ਤਾਂ ਮੁਲਜ਼ਮਾਂ ਨੇ ਵੀ ਉਸ ’ਤੇ ਹਮਲਾ ਕਰ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਏ।
ਮੋਨੂੰ ਦੀ ਮਾਂ ਸੀਮਾ ਦੇਵੀ ਨੇ ਦੋਸ਼ ਲਗਾਇਆ ਕਿ ਮੁਲਜ਼ਮ ਨਸ਼ੀਲੇ ਪਦਾਰਥਾਂ ਦੇ ਤਸਕਰ ਸਨ ਅਤੇ ਇਸ ਕਾਰਨ ਮੋਨੂੰ ਉਨ੍ਹਾਂ ਨਾਲ ਨਹੀਂ ਮਿਲਦਾ ਸੀ ਅਤੇ ਅਕਸਰ ਝਗੜੇ ਹੁੰਦੇ ਰਹਿੰਦੇ ਸਨ। ਮੋਤੀ ਨਗਰ ਥਾਣੇ ਦੇ ਐਸਐਚਓ ਸਬ-ਇੰਸਪੈਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੇਰ ਰਾਤ ਪੁਲੀਸ ਦੇ ਪਹੁੰਚਣ ਤੋਂ ਪਹਿਲਾਂ ਹੀ ਫਰਾਰ ਹੋ ਗਏ ਸਨ। ਮੁਲਜ਼ਮਾਂ ਦੀ ਭਾਲ ਵਿੱਚ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ ਹੈ। ਨੇੜਲੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
Advertisement
×