ਲੁਧਿਆਣਾ: ਪੁਤਲੇ ਬਣਾਉਣ ਵਾਲੇ ਦੇ ਘਰ ਬਾਰੂਦ ਦਾ ਧਮਾਕਾ, 12 ਜ਼ਖ਼ਮੀ
ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਚਾਰ ਵਿਅਕਤੀਆਂ ਨੂੰ ਪਟਿਆਲਾ ਦੇ ਰਜਿੰਦਰਾ ਮੈਡੀਕਲ ਹਸਪਤਾਲ ਰੈਫ਼ਰ ਕੀਤਾ ਗਿਆ ਹੈ
ਇੱਥੋਂ ਦੇ ਚੀਮਾ ਚੌਕ ਇੰਦਰਾ ਕਲੋਨੀ ਵਿਖੇ ਦੁਪਹਿਰ ਲਗਪਗ 3 ਵਜੇ ਹੋਏ ਇੱਕ ਵੱਡੇ ਧਮਾਕੇ ਵਿੱਚ ਕਰੀਬ 12 ਵਿਅਕਤੀ ਝੁਲਸ ਗਏ ਹਨ। ਇਸ ਦੌਰਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਚਾਰ ਵਿਅਕਤੀਆਂ ਨੂੰ ਪਟਿਆਲਾ ਦੇ ਰਜਿੰਦਰਾ ਮੈਡੀਕਲ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਹੈ।
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਧਮਾਕਾ ਇੱਕ ਛੋਟੀ, ਭੀੜ-ਭੜੱਕੇ ਵਾਲੀ ਗਲੀ ਵਿੱਚ ਸਥਿਤ ਘਰ ਵਿੱਚ ਹੋਇਆ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਰ ਇੱਕ ਅਜਿਹੇ ਵਿਅਕਤੀ ਦਾ ਹੈ, ਜੋ ਦੁਸਹਿਰੇ ਦੇ ਤਿਉਹਾਰ ਦੌਰਾਨ ਰਾਵਣ ਅਤੇ ਹੋਰ ਪੁਤਲੇ ਬਣਾਉਣ ਦਾ ਕੰਮ ਕਰਦਾ ਸੀ। ਇਸ ਵਿਅਕਤੀ ਨੇ ਪੁਤਲੇ ਬਣਾਉਣ ਲਈ ਵਰਤਿਆ ਜਾਣ ਵਾਲਾ ਕਾਫ਼ੀ ਮਾਤਰਾ ਵਿੱਚ ਬਾਰੂਦ ਆਪਣੇ ਘਰ ਵਿੱਚ ਰੱਖਿਆ ਹੋਇਆ ਸੀ, ਜਿਸ ਕਾਰਨ ਇਹ ਧਮਾਕਾ ਹੋਇਆ।
ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਮਕਾਨ ਮਾਲਕ ਉਸਮਾਨ ਖਾਨ ਨੇ ਆਪਣੇ ਘਰ ਵਿੱਚ ਪੋਟਾਸ਼ ਰੱਖਿਆ ਹੋਇਆ ਸੀ, ਜਿਸ ਨੂੰ ਅੱਗ ਲੱਗਣ ਕਾਰਨ ਧਮਾਕਾ ਹੋਇਆ।
ਉਨ੍ਹਾਂ ਕਿਹਾ ਕਿ ਇਸ ਧਮਾਕੇ ਵਿੱਚ 12 ਵਿਅਕਤੀ ਝੁਲਸ ਗਏ ਹਨ ਅਤੇ ਸਾਰਿਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਲਾਕੇ ਦੀ ਫ਼ੋਰੈਂਸਿਕ ਟੀਮ ਅਤੇ ਡੌਗ ਸਕੁਐਡ ਰਾਹੀਂ ਤਲਾਸ਼ੀ ਲਈ ਗਈ ਅਤੇ ਐਫਆਈਆਰ ਦਰਜ ਕਰ ਲਈ ਗਈ ਹੈ।