ਸੰਸਦ ’ਚ ਗੂੰਜਿਆ ਲੁਧਿਆਣਾ ਗੋਲੀਕਾਂਡ
ਇਥੋਂ ਦੇ ਪੱਖੋਵਾਲ ਰੋਡ ’ਤੇ ਮੈਰਿਜ ਪੈਲੇਸ ਦਾ ਗੋਲੀਕਾਂਡ ਮਾਮਲਾ ਅੱਜ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੰਸਦ ਵਿੱਚ ਚੁੱਕਿਆ। ਉਨ੍ਹਾਂ ਨੇ ਸੰਸਦ ਵਿੱਚ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੋਵਾਂ ’ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ...
ਇਥੋਂ ਦੇ ਪੱਖੋਵਾਲ ਰੋਡ ’ਤੇ ਮੈਰਿਜ ਪੈਲੇਸ ਦਾ ਗੋਲੀਕਾਂਡ ਮਾਮਲਾ ਅੱਜ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੰਸਦ ਵਿੱਚ ਚੁੱਕਿਆ। ਉਨ੍ਹਾਂ ਨੇ ਸੰਸਦ ਵਿੱਚ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੋਵਾਂ ’ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫੇਲ੍ਹ ਹੋ ਗਈ ਹੈ। ਗੈਂਗਸਟਰ ਧਮਕੀਆਂ ਵਾਲੇ ਫੋਨ ਕਰ ਰਹੇ ਹਨ, ਜੋ ਫਿਰੌਤੀ ਨਾ ਦੇਵੇ, ਉਸ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ। ਪੰਜਾਬ ਸਰਕਾਰ ਲੋਕਾਂ ਨੂੰ ਬਚਾਉਣ ਵਿੱਚ ਨਾਕਾਮ ਹੈ। ਪਿਛਲੇ ਦਿਨੀਂ ਲੁਧਿਆਣਾ ਦੇ ਮੈਰਿਜ ਪੈਲੇਸ ਵਿੱਚ ਸ਼ਰੇਆਮ ਦੋ ਗੈਂਗਸਟਰ ਗਰੋਹ ਆਪਸ ਵਿੱਚ ਭਿੜ ਗਏ ਅਤੇ ਗੋਲੀਆਂ ਚਲਾ ਦਿੱਤੀਆਂ। ਵਿਆਹ ਵਿੱਚ ਆਏ ਦੋ ਵਿਅਕਤੀਆਂ ਦੀ ਮੌਤ ਹੋ ਗਈ। ਮਾਮਲੇ ਵਿੱਚ ਪੁਲੀਸ ਦੀ ਕਾਰਗੁਜ਼ਾਰੀ ਢਿੱਲੀ ਹੀ ਰਹੀ। ਰੋਜ਼ਾਨਾ ਕਤਲ ਦੀਆਂ ਵਾਰਦਾਤਾਂ ਦੇ ਬਾਵਜੂਦ ਪੰਜਾਬ ਅਤੇ ਕੇਂਦਰ ਸਰਕਾਰਾਂ ਮੂਕ ਦਰਸ਼ਕ ਬਣੀਆਂ ਹੋਈਆਂ ਹਨ। ਉਨ੍ਹਾਂ ਨੇ ਦੋਸ਼ ਲਗਾਏ ਕਿ ਇਕ ਗੈਂਗਸਟਰ ਨੂੰ ਗੁਜਰਾਤ ਦੀ ਜੇਲ੍ਹ ਵਿੱਚ ਰੱਖਿਆ ਗਿਆ ਹੈ, ਜਿਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਨਹੀਂ ਲਿਆਉਣ ਦਿੱਤਾ ਜਾ ਰਿਹਾ। ਪੰਜਾਬ ਸੜ ਰਿਹਾ ਹੈ ਅਤੇ ਕੇਂਦਰ ਅਤੇ ਰਾਜ ਸਰਕਾਰਾਂ ਦੋਵੇਂ ਮੂਕ ਦਰਸ਼ਕ ਬਣ ਕੇ ਦੇਖ ਰਹੀਆਂ ਹਨ।

