Advertisement
ਲੁਧਿਆਣਾ ਵਿੱਚ ਅੱਜ ਸਵੇਰੇ ਸਵੇਰੇ ਇੱਕ ਦੁਖਦਾਈ ਹਾਦਸਾ ਵਾਪਰਿਆ ਹੈ। ਸ਼ਹਿਰ ਦੇ ਭਾਰਤ ਨਗਰ ਚੌਂਕ ਨੇੜੇ ਇੱਕ ਹੌਜ਼ਰੀ ਕਾਰੋਬਾਰੀ ਦੀ ਦੇ ਘਰ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਦਮ ਘੁੱਟਣ ਨਾਲ ਦਾਦੀ ਤੇ ਪੋਤੇ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਜਿਸ ਸਮੇਂ ਅੱਗ
ਲੱਗੀ ਇਮਾਰਤ ਦੀ ਪਹਿਲੀ ਮੰਜ਼ਿਲ ’ਤੇ 10 ਵਿਅਕਤੀ ਮੌਜੂਦ ਸਨ, ਜਿਨ੍ਹਾਂ ਵਿੱਚੋਂ 8 ਨੂੰ ਤਾਂ ਸੁਰੱਖਿਅਤ ਕੱਢ ਲਿਆ ਗਿਆ। ਪਰ ਦਾਦੀ ਤੇ ਪੋਤੇ ਦੀ ਦਮ ਘੁਟਣ ਕਾਰਨ ਮੌਤ ਹੋ ਗਈ।
ਘਰ ਦੀ ਜ਼ਮੀਨੀ ਮੰਜ਼ਿਲ ’ਤੇ ਕਾਰੋਬਾਰੀ ਵੱਲੋਂ ਧਾਗਾ ਫੈਕਟਰੀ ਬਣਾਈ ਹੋਈ ਸੀ, ਜਿੱਥੇ ਸ਼ਾਰਟ ਸਰਕਟ ਹੋਣ ਕਾਰਨ ਅੱਗ ਫੈਲ ਗਈ। ਅੱਗ ਐਨੀ ਭਿਆਨਕ ਸੀ ਕਿ ਮੌਕੇ ’ਤੇ 15 ਤੋਂ ਜ਼ਿਆਦਾ ਅੱਗ ਫਾਇਰ ਬ੍ਰਿਗੇਡ ਗੱਡੀਆਂ ਪੁੱਜੀਆਂ। ਅਧਿਕਾਰੀਆਂ ਨੇ ਸਾਵਧਾਨੀ ਵੱਜੋਂ ਆਸਪਾਸ ਦੇ ਘਰ ਵੀ ਖਾਲੀ ਕਰਵਾ ਲਏ ਸਨ।
ਜਾਣਕਾਰੀ ਮੁਤਾਬਕ ਭਾਰਤ ਨਗਰ ਚੌਂਕ ਦੇ ਪੈਟਰੋਲ ਪੰਪ ਦੇ ਪਿੱਛੇ ਗਲੀ ਵਿੱਚ ਰਜਤ ਚੌਪੜਾ ਦੀ ਚੌਪੜੀ ਨਾਂ ਦੀ ਫੈਕਟਰੀ ਹੈ, ਜਿਸ ਵਿੱਚ ਧਾਗਾ ਤੇ ਹੋਰ ਸਮਾਨ ਬਣਦਾ ਹੈ। ਕੋਠੀ ਦੇ ਗਰਾਉਂਡ ਫਲੋਰ ਵਿੱਚ ਫੈਕਟਰੀ ਚੱਲਦੀ ਹੈ ਅਤੇ ਉੱਪਰੀ ਮੰਜ਼ਿਲ ’ਤੇ ਉਹ ਪਰਿਵਾਰ ਨਾਲ ਰਹਿੰਦੇ ਹਨ।
ਰਜਤ ਚੌਪੜਾ ਨੇ ਦੱਸਿਆ ਕਿ ਅੱਜ ਸਵੇਰੇ ਅਚਾਨਕ ਹੀ ਧਾਗੇ ਨੂੰ ਅੱਗ ਲੱਗ ਗਈ ਅਤੇ ਜਲਦੀ ਹੀ ਭਿਆਨਕ ਰੂਪ ਧਾਰਨ ਕਰ ਲਿਆ। ਉਪਰ ਵਾਲੀ ਮੰਜ਼ਿਲ ’ਤੇ ਉਨ੍ਹਾਂ ਦੇ ਪਰਿਵਾਰ ਦੇ ਸਾਰੇ ਲੋਕ ਮੌਜੂਦ ਸਨ। ਅੱਗ ਕੁੱਝ ਹੀ ਸਮੇਂ ਵਿੱਚ ਉਪਰ ਵਾਲੀ ਮੰਜ਼ਿਲ ਤੱਕ ਫੈਲ ਗਈ। ਜਿਸ ਕਾਰਨ ਉਥੇ ਫੱਸੇ ਲੋਕਾਂ ਨੂੰ ਬਾਹਰ ਕੱਢਣ ਵਿੱਚ ਮੁਸ਼ੱਕਤ ਕਰਨੀ ਪਈ। ਇਸ ਦੌਰਾਨ ਅੱਗ ਵਿੱਚ ਦਮ ਘੁੱਟਣ ਕਾਰਨ 77 ਸਾਲਾਂ ਬਜ਼ੁਰਗ ਔਰਤ ਤੇ ਇੱਕ ਨੌਜਵਾਨ ਦੀ ਮੌਤ ਹੋ ਗਈ। ਫਿਲਹਾਲ ਮੌਕੇ ’ਤੇ ਫਾਇਰ ਬ੍ਰਿਗੇਡ ਅਧਿਕਾਰੀ ਅਤੇ ਪੁਲੀਸ ਮੁਲਾਜ਼ਮ ਜਾਂਚ ਕਰ ਰਹੇ ਹਨ।
Advertisement
×