Ludhiana Bypoll: ‘ਆਪ’ ਦੇ ਸੰਜੀਵ ਅਰੋੜਾ ਨੇ ਮਾਰੀ ਬਾਜ਼ੀ
ਗਗਨਦੀਪ ਅਰੋੜਾ
ਲੁਧਿਆਣਾ, 23 ਜੂਨਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਇੱਕ ਵਾਰ ਫਿਰ ਆਮ ਆਦਮੀ ਪਾਰਟੀ (ਆਪ) ਨੇ ਜਿੱਤ ਹਾਸਲ ਕੀਤੀ ਹੈ। ‘ਆਪ’ ਉਮੀਦਵਾਰ ਸੰਜੀਵ ਅਰੋੜਾ ਨੇ ਇਸ ਹਲਕੇ ਵਿੱਚੋਂ 10,637 ਦੀ ਵੱਡੀ ਲੀਡ ਹਾਸਲ ਕਰਕੇ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ ਹਰਾਇਆ। ਪਿਛਲੇ ਕਰੀਬ ਤਿੰਨ ਮਹੀਨੇ ਤੋਂ ਲਗਾਤਾਰ ਸੰਜੀਵ ਅਰੋੜਾ ਚੋਣ ਪ੍ਰਚਾਰ ਕਰਨ ਵਿੱਚ ਲੱਗੇ ਹੋਏ ਸਨ। ਵੋਟਾਂ ਦੀ ਗਿਣਤੀ ਲਈ 14 ਗੇੜ ਮੁਕੰਮਲ ਹੋਣ ਮਗਰੋਂ ਪ੍ਰਸ਼ਾਸਨ ਨੇ ਸੰਜੀਵ ਅਰੋੜਾ ਨੂੰ ਜੇਤੂ ਐਲਾਨ ਦਿੱਤਾ।
ਲੰਘੇ ਵੀਰਵਾਰ (19 ਜੂਨ) ਨੂੰ ਪਈਆਂ ਵੋਟਾਂ ਮਗਰੋਂ 14 ਉਮੀਦਵਾਰਾਂ ਦੀ ਕਿਸਮਤ ਈਵੀਐਮਜ਼ ਵਿੱਚ ਬੰਦ ਸੀ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਈ ਸੀ। ਤਕਰੀਬਨ 14 ਗੇੜ ਦੀ ਗਿਣਤੀ ਦੌਰਾਨ ਤਕਰੀਬਨ ਹਰੇਕ ਗੇੜ ਵਿਚ ਸੰਜੀਵ ਅਰੋੜਾ ਹੀ ਅੱਗੇ ਰਹੇ। ਇੱਕ ਦੋ ਗੇੜਾਂ ਵਿਚ ਭਾਜਪਾ ਦੇ ਜੀਵਨ ਗੁਪਤਾ ਕਾਂਗਰਸੀ ਉਮੀਦਵਾਰ ਆਸ਼ੂ ਨੂੰ ਪਛਾੜ ਕੇ ਦੂਜੇ ਨੰਬਰ ’ਤੇ ਰਹੇ। ਹਾਲਾਂਕਿ ਆਸ਼ੂ ਦੀ ਹਾਰ ਦਾ ਫ਼ਰਕ ਪਿਛਲੀਆਂ ਚੋਣਾਂ ਨਾਲੋਂ ਵੱਧ ਗਿਆ ਹੈ।
‘ਆਪ’ ਉਮੀਦਵਾਰ ਸੰਜੀਵ ਅਰੋੜਾ ਦੇ ਪਰਿਵਾਰਕ ਮੈਂਬਰ ਜਿੱਤ ਦਾ ਜਸ਼ਨ ਮਨਾਉਂਦੇ ਹੋਏ। ਫੋਟੋ: ਹਿਮਾਂਸ਼ੂ ਮਹਾਜਨ‘ਆਪ’ ਉਮੀਦਵਾਰ ਨੂੰ 35179 ਵੋਟਾਂ ਜਦੋਂਕਿ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਨੂੰ ਕੁੱਲ 24542 ਵੋਟਾਂ ਪਈਆਂ ਹਨ। ਜੀਵਨ ਗੁਪਤਾ ਨੂੰ 20323 ਅਤੇ ਅਕਾਲੀ ਦਲ ਦੇ ਉਮੀਦਵਾਰ ਨੂੰ 8203 ਵੋਟਾਂ ਪਈਆਂ ਹਨ। 793 ਲੋਕਾਂ ਨੇ ਨੋਟਾ ਦਾ ਬਟਨ ਦੱਬਿਆ ਹੈ। ਆਜ਼ਾਦ ਉਮੀਦਵਾਰ ਵਜੋਂ ਖੜੇ ਨੀਟੂ ਸ਼ਟਰਾਂ ਵਾਲੇ ਨੂੰ 112 ਵੋਟ ਮਿਲੇ ਹਨ।
ਵੋਟਾਂ ਦੀ ਗਿਣਤੀ ਲਈ ਕਾਊਂਟਿੰਗ ਸੈਂਟਰ ਦੇ ਬਾਹਰ ਪੁਲੀਸ ਤੇ ਪ੍ਰਸ਼ਾਸਨ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਸਨ। ਘੁਮਾਰ ਮੰਡੀ ਖਾਲਸਾ ਕਾਲਜ ਵਿੱਚ ਸਥਾਪਤ ਕਾਊਂਟਿੰਗ ਸੈਂਟਰ ਵਿਚ ਸਭ ਤੋਂ ਪਹਿਲਾਂ ਬੈਲੇਟ ਪੇਪਰਾਂ ਦੀ ਗਿਣਤੀ ਕੀਤੀ ਗਈ ਤੇ ਮਗਰੋਂ ਈਵੀਐੱਮਜ਼ ਵਿਚਲੀਆਂ ਵੋਟਾਂ ਦੀ ਗਿਣਤੀ ਹੋਈ।
ਗਿਣਤੀ ਦੇ ਲਈ ਕੁੱਲ 14 ਗੇੜ ਸਨ। ਕੁੱਲ 1 ਲੱਖ 74 ਹਜ਼ਾਰ 429 ਵੋਟਾਂ ਵਿੱਚੋਂ 51.33 ਫੀਸਦੀ ਵੋਟਾਂ ਪਈਆਂ ਸਨ, ਜੋ ਕਿ ਤਕਰੀਬਨ 90 ਹਜ਼ਾਰ ਹਨ। ਗਿਣਤੀ ਕੇਂਦਰਾਂ ਵਿੱਚ ਸਾਰੇ ਹੀ ਉਮੀਦਵਾਰ ਮੌਜੂਦ ਸਨ।
ਸੰਜੀਵ ਅਰੋੜਾ ਦੀ ਜਿੱਤ ਤੋਂ ਬਾਅਦ ਸੂਬਾ ਪ੍ਰਧਾਨ ਅਮਨ ਅਰੋੜਾ ਤੇ ਹੋਰਨਾਂ ਕੈਬਨਿਟ ਮੰਤਰੀਆਂ ਨੇ ਰੋਡ ਸ਼ੋਅ ਕੱਢਿਆ ਤੇ ਲੋਕਾਂ ਦਾ ਧੰਨਵਾਦ ਕੀਤਾ।