ਸਰਕਾਰੀ ਅਧਿਕਾਰੀ ਦੀ ਕੋਠੀ ਦੀ ਬਗੀਚੀ ਹੇਠੋਂ ਨਿਕਲਿਆ ਗੁੰਮਿਆ ਹੋਇਆ ਸਾਮਾਨ
ਈਓ ਸਣੇ ਹੋਰਾਂ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ: ਡੀਐੱਸਪੀ
ਅੱਜ ਨਾਭਾ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ (ਈਓ) ਦੀ ਸਰਕਾਰੀ ਰਿਹਾਇਸ਼ ਵਿਖੇ ਜੇਸੀਬੀ ਨਾਲ ਪੁਟਾਈ ਕੀਤੀ ਗਈ ਜਿਸ ਦੌਰਾਨ ਜ਼ਮੀਨ ਵਿੱਚ ਦੱਬਿਆ ਕਥਿਤ ਟਰਾਲੀ ਦਾ ਸਾਮਾਨ ਬਰਾਮਦ ਹੋਇਆ। ਪੱਕੀ ਸੂਹ ਦੇ ਅਧਾਰ 'ਤੇ ਮੰਗਲਵਾਰ ਸਵੇਰ ਤੋਂ ਕਿਸਾਨ ਇਸ ਬਰਾਮਦਗੀ ਲਈ ਈਓ ਦੀ ਕੋਠੀ ਦੇ ਬਾਹਰ ਧਰਨੇ 'ਤੇ ਬੈਠੇ ਸਨ। ਬੁੱਧਵਾਰ ਨੂੰ ਨਾਭਾ ਤਹਿਸੀਲਦਾਰ ਅੰਕੁਸ਼ ਕੁਮਾਰ ਅਤੇ ਪਟਿਆਲਾ ਸੀ.ਆਈ.ਏ ਸਟਾਫ ਦੀ ਹਾਜ਼ਰੀ ਵਿੱਚ ਕੋਠੀ ਦੀ ਬਗੀਚੀ ਵਿੱਚ ਪੁਟਾਈ ਕੀਤੀ ਗਈ। ਇਸ ਤੋਂ ਬਾਅਦ ਜ਼ਮੀਨ ਤੋਂ ਲਗਪਗ 4-5 ਫੁੱਟ ਡੂੰਘਾਈ ਤੋਂ ਇਹ ਸਾਮਾਨ ਬਰਾਮਦ ਹੋਇਆ। ਇਸ ਵਿੱਚ ਮੁੱਖ ਤੌਰ 'ਤੇ ਟਰਾਲੀ ਵਿੱਚ ਤੰਬੂ ਆਦਿ ਲਗਾਉਣ ਲਈ ਇਸਤੇਮਾਲ ਹੋਣ ਵਾਲਾ ਲੋਹੇ ਦਾ ਢਾਂਚਾ ਤੇ ਜਾਲ ਬਰਾਮਦ ਹੋਏ। ਕਿਸਾਨਾਂ ਦਾ ਦੋਸ਼ ਹੈ ਕਿ ਇਹ ਸਾਮਾਨ ਉਨ੍ਹਾਂ ਦੇ ਸ਼ੰਭੂ ਮੋਰਚੇ ਤੋਂ ਚੋਰੀ ਹੋਈ ਟਰਾਲੀਆਂ ਦਾ ਹੈ। ਇਸ ਮੌਕੇ ਕਿਸਾਨ ਆਗੂ ਗਮਦੂਰ ਸਿੰਘ ਨੇ ਕਿਹਾ ਕਿ ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰਨਾ ਸਰਕਾਰ ਦੀ ਮੁਢਲੀ ਜ਼ਿੰਮੇਵਾਰੀ ਹੁੰਦੀ ਹੈ ਪਰ ਚੋਰੀ ਦਾ ਸਾਮਾਨ ਤੇ ਫਿਰ ਸਬੂਤ ਖਤਮ ਕਰਨ ਦਾ ਕੰਮ ਵੀ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਨਗਰ ਕੌਂਸਲ ਈਓ ਗੁਰਚਰਨ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਪਿੰਡ ਨਾਭੇ ਤੋਂ 7 ਕਿਲੋਮੀਟਰ ਹੋਣ ਕਰਕੇ ਉਹ ਪਿੰਡ ਹੀ ਰਹਿੰਦੇ ਸਨ ਤੇ ਇਥੇ ਸਰਕਾਰੀ ਰਿਹਾਇਸ਼ ਵਿੱਚ ਕੌਂਸਲ ਪ੍ਰਧਾਨ ਦੇ ਪਤੀ ਪੰਕਜ ਪੱਪੂ ਨੇ ਸ਼ੀਸ਼ੇ ਦਾ ਕੈਬਿਨ ਬਣਾ ਕੇ ਆਪਣਾ ਦਫਤਰ ਬਣਾਇਆ ਹੋਇਆ ਸੀ।
ਨਾਭਾ ਡੀਐਸਪੀ ਮਨਦੀਪ ਕੌਰ ਨੇ ਦੱਸਿਆ ਕਿ ਈਓ ਗੁਰਚਰਨ ਸਿੰਘ ਸਮੇਤ ਸਭ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਤੇ ਇਹ ਸਾਮਾਨ ਜ਼ਮੀਨ ਵਿੱਚ ਕਿਸ ਨੇ ਦੱਬਿਆ ਤੇ ਇਸ ਬਾਬਤ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।

