ਹਲਕਾ ਇੰਚਾਰਜ ਨਾ ਲਗਾਉਣ ਕਾਰਨ ਨੁਕਸਾਨ ਹੋਇਆ: ਕਰਨਬੀਰ
ਤਰਨ ਤਾਰਨ ਦੀ ਜ਼ਿਮਨੀ ਚੋਣ ਵਿੱਚ ਕਾਂਗਰਸ ਦੇ ਉਮੀਦਵਾਰ ਕਰਨਬੀਰ ਸਿੰਘ ਬੁਰਜ ਦੀ ਹਾਰ ਨੇ ਪਾਰਟੀ ਹਲਕਿਆਂ ’ਚ ਕਈ ਤਰ੍ਹਾਂ ਦੀ ਚਰਚਾ ਛੇੜ ਦਿੱਤੀ ਹੈ| ਕਰਨਬੀਰ ਸਿੰਘ ਜੇਤੂ ਰਹੇ ‘ਆਪ’ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਵੱਲੋਂ 42 ਹਜ਼ਾਰ ਤੋਂ ਵੀ...
ਤਰਨ ਤਾਰਨ ਦੀ ਜ਼ਿਮਨੀ ਚੋਣ ਵਿੱਚ ਕਾਂਗਰਸ ਦੇ ਉਮੀਦਵਾਰ ਕਰਨਬੀਰ ਸਿੰਘ ਬੁਰਜ ਦੀ ਹਾਰ ਨੇ ਪਾਰਟੀ ਹਲਕਿਆਂ ’ਚ ਕਈ ਤਰ੍ਹਾਂ ਦੀ ਚਰਚਾ ਛੇੜ ਦਿੱਤੀ ਹੈ| ਕਰਨਬੀਰ ਸਿੰਘ ਜੇਤੂ ਰਹੇ ‘ਆਪ’ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਵੱਲੋਂ 42 ਹਜ਼ਾਰ ਤੋਂ ਵੀ ਵਧੇਰੇ ਲਈਆਂ ਵੋਟਾਂ ਦੇ ਮੁਕਾਬਲੇ 15000 ਦੇ ਕਰੀਬ ਵੋਟਾਂ ਲੈ ਕੇ ਨਾ ਸਿਰਫ਼ ਚੌਥੇ ਸਥਾਨ ’ਤੇ ਰਹੇ ਬਲਕਿ ਉਹ ਆਪਣੀ ਜ਼ਮਾਨਤ ਤੱਕ ਵੀ ਨਹੀਂ ਬਚਾਅ ਸਕੇ| ਇਹ ਇਕ ਹਕੀਕਤ ਹੈ ਕਿ ਤਰਨ ਤਾਰਨ ਹਲਕੇ ਦਾ ਪਿਛੋਕੜ ਪੰਥਕ ਹੈ ਪਰ ਇਸ ਹਲਕੇ ਤੋਂ 2017 ਦੀ ਚੋਣ ਵੇਲੇ ਡਾ. ਧਰਮਵੀਰ ਅਗਨੀਹੋਤਰੀ ਜੇਤੂ ਰਹੇ ਸਨ| ਸੰਪਰਕ ਕਰਨ ’ਤੇ ਕਰਨਬੀਰ ਸਿੰਘ ਬੁਰਜ ਨੇ ਖੁਦ ਸਵੀਕਾਰ ਕੀਤਾ ਕਿ ਉਨ੍ਹਾਂ ਨੂੰ ਇੰਨੇ ਮਾੜੇ ਨਤੀਜੇ ਦੀ ਉਮੀਦ ਨਹੀਂ ਸੀ| ਉਨ੍ਹਾਂ ਹਾਰ ਦੇ ਕਾਰਨਾਂ ਦੀਆਂ ਬਾਰੀਕੀਆਂ ਬਾਰੇ ਵਧੇਰੇ ਗੱਲਾਂ ਕਰਨ ਤੋਂ ਇਨਕਾਰ ਕਰਦਿਆਂ 2024 ਦੀ ਚੋਣ ਤੋਂ ਬਾਅਦ ਕਿਸੇ ਆਗੂ ਨੂੰ ਪਾਰਟੀ ਦਾ ਹਲਕਾ ਇੰਚਾਰਜ ਨਾ ਲਗਾਉਣ ਕਰ ਕੇ ਪਾਰਟੀ ਦੇ ਵਧੇਰੇ ਵਰਕਰਾਂ ਵੱਲੋਂ ਇੱਧਰ-ਉਧਰ ਜਾਣ ਨੂੰ ਪਾਰਟੀ ਦੇ ਨੁਕਸਾਨ ਦਾ ਕਾਰਨ ਦੱਸਿਆ| ਕਾਂਗਰਸ ਦੇ ਸਾਬਕਾ ਸਕੱਤਰ ਗੁਰਬਾਜ ਸਿੰਘ ਗਿੱਲ ਨੇ ਪਾਰਟੀ ਲੀਡਰਸ਼ਿਪ ਵੱਲੋਂ ਹਲਕੇ ਲਈ ਪਾਰਟੀ ਦਾ ਇੰਚਾਰਜ ਨਾ ਲਗਾਉਣ ਨੂੰ ਹਾਰ ਦਾ ਵੱਡਾ ਕਾਰਨ ਦੱਸਿਆ| ਉਨ੍ਹਾਂ ਪਾਰਟੀ ਵੱਲੋਂ ਹੋਰਨਾਂ ਰਾਜਸੀ ਧਿਰਾਂ ਦੀ ਤੁਲਨਾ ਅਤੇ ਹਲਕੇ ਤੋਂ ਉਮੀਦਵਾਰ ਦਾ ਐਲਾਨ ਦੇਰੀ ਨਾਲ ਕਰਨ ਨੂੰ ਪਾਰਟੀ ਦੀ ਕਾਰਗੁਜ਼ਾਰੀ ਲਈ ਮਾੜਾ ਦੱਸਿਆ| ਰਾਜਸੀ ਮਾਹਿਰ ਐਡਵੋਕੇਟ ਸਟਾਲਿਨਜੀਤ ਸਿੰਘ ਸੰਧੂ ਨੇ ਪਾਰਟੀ ਦੀ ਮਾੜੀ ਕਾਰਗੁਜ਼ਾਰੀ ਲਈ ਕਾਂਗਰਸ ਕੋਲ ਹੇਠਲੇ ਪੱਧਰ ’ਤੇ ਜਥੇਬੰਧਕ ਢਾਂਚੇ ਦੀ ਅਣਹੋਂਦ, ਪਾਰਟੀ ਦੇ ਆਗੂਆਂ ਵਲੋਂ ਆਮ ਜਨਤਾ ਨਾਲ ਸੰਪਰਕ ਨਾ ਰੱਖਣ ਅਤੇ ਇਲਾਕੇ ਅੰਦਰ ਕਿਸੇ ਸਥਾਪਤ ਆਗੂ ਦੇ ਨਾ ਹੋਣ ਨੂੰ ਮੁੱਖ ਕਾਰਨ ਕਿਹਾ ਹੈ| ਉਨ੍ਹਾਂ ਕਿਹਾ ਕਿ ਇਸ ਮਾੜੀ ਹਾਲਤ ਲਈ ਪਾਰਟੀ ਦੀ ਆਪਸੀ ਫੁੱਟ ਨੂੰ ਵੀ ਵੱਡਾ ਕਾਰਨ ਆਖਿਆ ਜਾ ਸਕਦਾ ਹੈ|
ਵੜਿੰਗ ਦੀਆਂ ਟਿੱਪਣੀਆਂ ਨੇ ਦਲਿਤ ਭਾਈਚਾਰੇ ’ਚ ਜੜ੍ਹਾਂ ਖੋਖਲੀਆਂ ਕੀਤੀਆਂ: ਤਨੇਜਾ
ਹਲਕੇ ਤੋਂ ਪਾਰਟੀ ਦੀ ਟਿਕਟ ਲੈਣ ਦੇ ਇਕ ਹੋਰ ਚਾਹਵਾਨ ਅਵਤਾਰ ਸਿੰਘ ਤਨੇਜਾ ਨੇ ਕਿਹਾ ਕਿ ਉਹ ਪਾਰਟੀ ਦੀ ਇੰਨੀ ਮਾੜੀ ਸਥਿਤੀ ਦੀ ਉਮੀਦ ਨਹੀਂ ਸੀ ਕਰਦੇ| ਉਨ੍ਹਾਂ ਨਵੇਂ ਚਿਹਰੇ ਨੂੰ ਵੀ ਇਕ ਕਾਰਨ ਮੰਨਿਆ ਅਤੇ ਕਿਹਾ ਕਿ ਬੀਤੇ ਸਮੇਂ ਤੋਂ ਪਾਰਟੀ ਦਾ ਹਲਕਾ ਇੰਚਾਰਜ ਨਾ ਹੋਣ ਕਾਰਨ ਕਈ ਪਾਰਟੀ ਵਰਕਰ ਹੋਰ ਪਾਰਟੀਆਂ ਵਿੱਚ ਸ਼ਾਮਲ ਹੋ ਗਏ| ਉਨ੍ਹਾਂ ਕਿਹਾ ਕਿ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਮਰਹੂਮ ਕੇਂਦਰੀ ਮੰਤਰੀ ਬੂਟਾ ਸਿੰਘ ਸਬੰਧੀ ਕੀਤੀਆਂ ਟਿੱਪਣੀਆਂ ਨੇ ਤਾਂ ਪਾਰਟੀ ਦੀਆਂ ਐੱਸ. ਸੀ. ਭਾਈਚਾਰੇ ਵਿੱਚ ਦਹਾਕਿਆਂ ਦੀਆਂ ਜੜ੍ਹਾਂ ਨੂੰ ਖੋਖਲਾ ਕਰਨ ਦਾ ਕੰਮ ਕੀਤਾ|

