DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੀਂਹ ਤੇ ਝੱਖੜ ਕਾਰਨ ਕਣਕਾਂ ਦਾ ਨੁਕਸਾਨ

ਆਤਿਸ਼ ਗੁਪਤਾ/ਪੀਟੀਆਈ ਚੰਡੀਗੜ੍ਹ, 30 ਮਾਰਚ ਪੰਜਾਬ ਦੇ ਬਹੁਤੇ ਹਿੱਸਿਆਂ ’ਚ ਲੰਘੀ ਰਾਤ ਤੋਂ ਪਏ ਮੀਂਹ ਤੇ ਗੜਿਆਂ ਅਤੇ ਚੱਲੀਆਂ ਤੇਜ਼ ਹਵਾਵਾਂ ਨੇ ਕਿਸਾਨਾਂ ਨੂੰ ਫਿਕਰਾਂ ਵਿੱਚ ਪਾ ਦਿੱਤਾ ਹੈ। ਮੀਂਹ ਪੈਣ ਅਤੇ ਤੇਜ਼ ਹਵਾਵਾਂ ਕਾਰਨ ਕਈ ਜ਼ਿਲ੍ਹਿਆਂ ’ਚ ਕਣਕ ਦੀ...
  • fb
  • twitter
  • whatsapp
  • whatsapp
featured-img featured-img
ਜਲੰਧਰ ਦੇ ਇੱਕ ਪਿੰਡ ਵਿੱਚ ਮੀਂਹ ਕਾਰਨ ਨੁਕਸਾਨੀ ਫਸਲ ਨੂੰ ਦੇਖਦਾ ਹੋਇਆ ਕਿਸਾਨ। -ਫੋਟੋ: ਪੀਟੀਆਈ
Advertisement

ਆਤਿਸ਼ ਗੁਪਤਾ/ਪੀਟੀਆਈ

ਚੰਡੀਗੜ੍ਹ, 30 ਮਾਰਚ

Advertisement

ਪੰਜਾਬ ਦੇ ਬਹੁਤੇ ਹਿੱਸਿਆਂ ’ਚ ਲੰਘੀ ਰਾਤ ਤੋਂ ਪਏ ਮੀਂਹ ਤੇ ਗੜਿਆਂ ਅਤੇ ਚੱਲੀਆਂ ਤੇਜ਼ ਹਵਾਵਾਂ ਨੇ ਕਿਸਾਨਾਂ ਨੂੰ ਫਿਕਰਾਂ ਵਿੱਚ ਪਾ ਦਿੱਤਾ ਹੈ। ਮੀਂਹ ਪੈਣ ਅਤੇ ਤੇਜ਼ ਹਵਾਵਾਂ ਕਾਰਨ ਕਈ ਜ਼ਿਲ੍ਹਿਆਂ ’ਚ ਕਣਕ ਦੀ ਫਸਲ ਖੇਤਾਂ ਵਿੱਚ ਵਿਛ ਗਈ ਹੈ ਜਿਸ ਨਾਲ ਕਿਸਾਨਾਂ ਨੂੰ ਝਾੜ ਘਟਣ ਦਾ ਖਦਸ਼ਾ ਹੈ। ਕਈ ਥਾਵਾਂ ’ਤੇ ਗੜੇ ਪੈਣ ਕਾਰਨ ਵੀ ਫਸਲਾਂ ਦਾ ਨੁਕਸਾਨ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਮੀਂਹ ਤੇ ਝੱਖੜ ਕਾਰਨ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਸੰਗਰੂਰ, ਮਾਨਸਾ, ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ ਤੇ ਹੋਰਨਾਂ ਕਈ ਜ਼ਿਲ੍ਹਿਆਂ ਵਿੱਚ ਕਣਕ ਦੀ ਫ਼ਸਲ ਖੇਤਾਂ ਵਿੱਚ ਵਿਛ ਗਈ ਹੈ ਅਤੇ ਫਸਲਾਂ ਦੀ ਵਾਢੀ ਨੇੜੇ ਆਉਣ ਸਮੇਂ ਪਏ ਮੀਂਹ ਨੇ ਕਿਸਾਨਾਂ ਦੇ ਸਾਹ ਸੁਕਾ ਦਿੱਤੇ ਹਨ। ਮੌਸਮ ਵਿਭਾਗ ਨੇ ਅਗਲੇ ਤਿੰਨ-ਚਾਰ ਦਿਨ ਮੌਸਮ ਸਾਫ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਜਾਣਕਾਰੀ ਅਨੁਸਾਰ ਲੰਘੀ ਸ਼ਾਮ ਤੋਂ ਤੇਜ਼ ਹਵਾਵਾਂ ਚੱਲ ਰਹੀਆਂ ਸਨ। ਉਸ ਤੋਂ ਬਾਅਦ ਦੇਰ ਰਾਤ ਝੱਖੜ ਦੇ ਨਾਲ ਪਏ ਤੇਜ਼ ਮੀਂਹ ਅਤੇ ਕਈ ਥਾਵਾਂ ’ਤੇ ਗੜੇ ਪੈਣ ਕਾਰਨ ਫਸਲਾਂ ਦਾ ਨੁਕਸਾਨ ਹੋਇਆ ਹੈ। ਮੌਸਮ ਵਿਭਾਗ ਅਨੁਸਾਰ ਲੰਘੀ ਰਾਤ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ ਹਨ। ਇਸ ਦੇ ਨਾਲ ਹੀ ਜ਼ਿਲ੍ਹਾ ਪਟਿਆਲਾ ਦੇ ਰਾਜਪੁਰਾ ਤੇ ਹਰਿਆਣਾ ਦੇ ਨਾਲ ਲਗਦੇ ਜ਼ਿਲ੍ਹਿਆਂ ਵਿੱਚ ਕਈ ਥਾਵਾਂ ’ਤੇ ਵੀ ਗੜੇ ਪਏ ਹਨ। ਬਠਿੰਡਾ ਦੇ ਇੱਕ ਕਿਸਾਨ ਨੇ ਕਿਹਾ ਕਿ ਬੇਮੌਸਮੇ ਮੀਂਹ ਕਾਰਨ ਉਨ੍ਹਾਂ ਦੀ ਕਣਕ ਦਾ ਝਾੜ ਪ੍ਰਭਾਵਿਤ ਹੋਵੇਗਾ।

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਸਭ ਤੋਂ ਵੱਧ ਮੀਂਹ ਲੁਧਿਆਣਾ ਵਿੱਚ ਪਿਆ ਹੈ, ਜਿੱਥੇ 15.4 ਐੱਮਐੱਮ ਮੀਂਹ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਰਾਜਧਾਨੀ ਚੰਡੀਗੜ੍ਹ ਵਿੱਚ 12.4, ਅੰਮ੍ਰਿਤਸਰ ਵਿੱਚ 4.2, ਪਟਿਆਲਾ ਵਿੱਚ 2, ਪਠਾਨਕੋਟ ਵਿੱਚ ਇਕ, ਬਠਿੰਡਾ ਵਿੱਚ 7, ਫਰੀਦਕੋਟ ਵਿੱਚ 4.8, ਨਵਾਂ ਸ਼ਹਿਰ ਵਿੱਚ 9.3, ਫਤਹਿਗੜ੍ਹ ਸਾਹਿਬ ਵਿੱਚ 4, ਫਿਰੋਜ਼ਪੁਰ ਵਿੱਚ 7, ਗੁਰਦਾਸਪੁਰ ਵਿੱਚ 10.5, ਮੋਗਾ ਵਿੱਚ 10.5 ਅਤੇ ਰੋਪੜ ਵਿੱਚ 13.5 ਐੱਮਐੱਮ ਮੀਂਹ ਪਿਆ ਹੈ। ਇਸ ਨਾਲ ਤਾਪਮਾਨ ਵਿੱਚ ਵੀ ਇਕ ਤੋਂ ਦੋ ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ।

ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬੇਮੌਸਮੇ ਮੀਂਹ ਤੇ ਗੜਿਆਂ ਨੇ ਸੂਬੇ ਦੇ ਮਾਲਵਾ ਖਿੱਤੇ ’ਚ ਕਣਕ ਦੀ ਫਸਲ ਦਾ ਵੱਡਾ ਨੁਕਸਾਨ ਕੀਤਾ ਹੈ। ਉਨ੍ਹਾਂ ਐਕਸ ’ਤੇ ਲਿਖਿਆ, ‘ਮੁੱਖ ਮੰਤਰੀ ਭਗਵੰਤ ਮਾਨ ਨੂੰ ਕਣਕ ਦੀ ਫਸਲ ਦੇ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਦੇ ਨਾਲ ਨਾਲ ਕਿਸਾਨਾਂ ਨੂੰ ਅੰਤਰਿਮ ਰਾਹਤ ਦੇਣ ਲਈ ਗਿਰਦਾਵਰੀ ਦਾ ਹੁਕਮ ਦੇਣਾ ਚਾਹੀਦਾ ਹੈ।’

ਵਿਰੋਧੀ ਧਿਰ ਕਾਂਗਰਸ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕਿਸਾਨਾਂ ਦਾ ਮੁੜ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਕਿਸਾਨਾਂ ਨੂੰ ਭਾਰੀ ਮੀਂਹ ਦੀ ਮਾਰ ਝੱਲਣੀ ਪਈ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਮੁਆਵਜ਼ਾ ਦੇਣ ਵਿੱਚ ਨਾਕਾਮ ਰਹੀ ਸੀ।

ਹਿਮਾਚਲ ਪ੍ਰਦੇਸ਼ ਵਿੱਚ ਬਰਫ਼ਬਾਰੀ ਤੇ ਮੀਂਹ ਕਾਰਨ ਜਨਜੀਵਨ ’ਚ ਵਿਘਨ

ਹਿਮਾਚਲ ਪ੍ਰਦੇਸ਼ ਦੇ ਮਨਾਲੀ ਵਿੱਚ ਸ਼ਨਿਚਰਵਾਰ ਨੂੰ ਹੋਈ ਬਰਫਬਾਰੀ ਦੌਰਾਨ ਲੰਘਦਾ ਹੋਇਆ ਰਾਹਗੀਰ। -ਫੋਟੋ: ਪੀਟੀਆਈ

ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਉੱਚੇ ਇਲਾਕਿਆਂ ਅਤੇ ਕਬਾਇਲੀ ਖੇਤਰਾਂ ਵਿੱਚ ਅੱਜ ਬਰਫ਼ਬਾਰੀ ਹੋਈ ਤੇ ਭਾਰੀ ਮੀਂਹ ਪਿਆ। ਇਸ ਤੋਂ ਇਲਾਵਾ ਨੀਵੇਂ ਖੇਤਰਾਂ ਵਿਚ ਗੜਿਆਂ ਨਾਲ ਦਰਮਿਆਨਾ ਮੀਂਹ ਪਿਆ। ਮੌਸਮ ਵਿਭਾਗ ਨੇ ਪਹਿਲੀ ਅਪਰੈਲ ਨੂੰ ਛੱਡ ਕੇ ਸੂਬੇ ਵਿੱਚ 4 ਅਪਰੈਲ ਤੱਕ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਹਿਮਾਚਲ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ (ਐੱਚਆਰਟੀਸੀ) ਦੀ ਇੱਕ ਬੱਸ ਅੱਜ ਸਵੇਰੇ ਕਿਨੌਰ ਜ਼ਿਲੇ ਦੇ ਮਲਿੰਗ ਨੇੜੇ ਬਰਫ ’ਚ ਫਿਸਲਣ ਤੋਂ ਬਾਅਦ ਪਲਟ ਗਈ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੋਲਨ ਜ਼ਿਲ੍ਹੇ ਵਿਚ ਕਈ ਮਕਾਨਾਂ ਦੀਆਂ ਛੱਤਾਂ ਉੱਡ ਗਈਆਂ ਅਤੇ ਸਿਰਮੌਰ ਜ਼ਿਲ੍ਹੇ ਵਿਚ ਕਈ ਵਾਹਨਾਂ ’ਤੇ ਦਰੱਖਤ ਡਿੱਗ ਗਏ। ਰੋਹਤਾਂਗ ਵਿੱਚ ਅਟਲ ਸੁਰੰਗ ਨੇੜੇ ਭਾਰੀ ਬਰਫ਼ਬਾਰੀ ਕਾਰਨ ਆਵਾਜਾਈ ਠੱਪ ਹੋ ਗਈ। ਪਿਛਲੇ 24 ਘੰਟਿਆਂ ਵਿੱਚ ਲਾਹੌਲ ਅਤੇ ਸਪਿਤੀ ਦੇ ਗੋਂਡਲਾ ਵਿੱਚ 15 ਸੈਂਟੀਮੀਟਰ, ਕਲਪਾ 10 ਸੈਂਟੀਮੀਟਰ ਅਤੇ ਕੋਠੀ ਅਤੇ ਕੁਕੁਮਸੇਰੀ ਵਿੱਚ 5 ਸੈਂਟੀਮੀਟਰ ਬਰਫ਼ ਪਈ। ਸੂਬੇ ਦੇ ਹੰਗਾਮੀ ਅਪਰੇਸ਼ਨ ਸੈਂਟਰ ਅਨੁਸਾਰ ਸ਼ੁੱਕਰਵਾਰ ਰਾਤ ਤੋਂ ਸੂਬੇ ਵਿੱਚ ਚਾਰ ਕੌਮੀ ਮਾਰਗਾਂ ਸਣੇ ਕੁੱਲ 172 ਸੜਕਾਂ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਸੜਕਾਂ ਲਾਹੌਲ ਅਤੇ ਸਪਿਤੀ ਦੇ ਇਲਾਕਿਆਂ ਵਿਚਲੀਆਂ ਹਨ। ਸੂਬੇ ਵਿੱਚ ਕੁੱਲ 662 ਟਰਾਂਸਫਾਰਮਰ ਬੰਦ ਪਏ ਹਨ। ਰਾਜਧਾਨੀ ਸ਼ਿਮਲਾ ਅਤੇ ਕੁਝ ਹੋਰ ਥਾਵਾਂ ’ਤੇ ਤੇਜ਼ ਹਵਾਵਾਂ ਨਾਲ ਰੁਕ-ਰੁਕ ਕੇ ਮੀਂਹ ਪਿਆ। ਸਥਾਨਕ ਮੌਸਮ ਵਿਭਾਗ ਨੇ ਰਾਜ ਦੇ 12 ਵਿੱਚੋਂ 7 ਜ਼ਿਲ੍ਹਿਆਂ ਵਿੱਚ ਬਿਜਲੀ ਗਰਜਣ, ਗੜਿਆਂ, ਭਾਰੀ ਮੀਂਹ ਅਤੇ ਤੇਜ਼ ਹਵਾਵਾਂ (40-50 ਕਿਲੋਮੀਟਰ ਪ੍ਰਤੀ ਘੰਟਾ) ਨਾਲ ਓਰੇਂਜ ਅਲਰਟ ਜਾਰੀ ਕੀਤਾ ਹੈ। ਦੂਜੇ ਪਾਸੇ ਉਤਰਾਖੰਡ ਦੇ ਗੰਗੋਤਰੀ ਧਾਮ ਵਿੱਚ ਵੀ ਬਰਫ਼ਬਾਰੀ ਹੋਈ। -ਪੀਟੀਆਈ

Advertisement
×